ਟੋਰਾਂਟੋ 1 ਮਾਰਚ, 2025 (ਫਤਿਹ ਪੰਜਾਬ ਬਿਊਰੋ) ਕੈਨੇਡਾ ਦੇ ਓਨਟਾਰੀਓ ਸੂਬੇ ਦੀ ਵਿਧਾਨ ਸਭਾ ਲਈ ਚੋਣਾਂ ਜਿੱਤ ਕੇ ਪੰਜ ਭਾਰਤੀ ਵਿਧਾਇਕ ਬਣੇ ਹਨ ਅਤੇ ਇਨ੍ਹਾਂ ਸੂਬਾਈ ਚੋਣਾਂ ਵਿੱਚ ਸੱਤਾਧਾਰੀ Progressive Conservative Party (ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ) ਲਗਾਤਾਰ ਤੀਜੀ ਵਾਰ ਸੱਤਾ ਵਿੱਚ ਵਾਪਸ ਆ ਗਈ ਹੈ। ਜਿਕਰਯੋਗ ਹੈ ਕਿ ਓਨਟਾਰੀਓ ਵਿਧਾਨ ਸਭਾ ਦਾ ਕਾਰਜਕਾਲ 2026 ਦੀਆਂ ਗਰਮੀਆਂ ਤੱਕ ਸੀ ਪਰ ਪ੍ਰੀਮੀਅਰ (ਭਾਰਤ ਵਿੱਚ ਮੁੱਖ ਮੰਤਰੀ ਦੇ ਬਰਾਬਰ) Doug Ford (ਡੱਗ ਫੋਰਡ) ਨੇ ਪਿਛਲੇ ਮਹੀਨੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਫੈਸਲਾ ਲਿਆ ਅਤੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵੱਲੋਂ ਲਗਾਏ ਜਾ ਰਹੇ ਵੱਡੇ ਟੈਕਸਾਂ (ਟੈਰਿਫ) ਦੇ ਖ਼ਤਰੇ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਲੋਕ ਫਤਵੇ ਦੀ ਲੋੜ ਹੈ।
ਇੰਡੋ-ਕੈਨੇਡੀਅਨ ਜੇਤੂਆਂ ਵਿੱਚ ਟਰਾਂਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਵੀ ਸ਼ਾਮਲ ਹਨ। ਸਰਕਾਰੀਆ ਨੇ ਬ੍ਰੈਂਪਟਨ ਸਾਊਥ ਤੋਂ 53 ਫੀਸਦ ਵੋਟਾਂ ਨਾਲ ਜਿੱਤ ਦਰਜ ਕਰਦਿਆਂ ਲਿਬਰਲ ਉਮੀਦਵਾਰ ਭਾਵਿਕ ਪਾਰਿਖ ਨੂੰ ਹਰਾਇਆ ਜਿਸ ਨੂੰ ਕਰੀਬ 32 ਫੀਸਦ ਵੋਟਾਂ ਹੀ ਮਿਲੀਆਂ।
ਇਸੇ ਤਰ੍ਹਾਂ ਹਾਊਸਿੰਗ ਮੰਤਰੀ ਨੀਨਾ ਟਾਂਗਰੀ ਲਗਭਗ 48 ਫੀਸਦ ਸਮਰਥਨ ਨਾਲ ਮਿਸੀਸਾਗਾ-ਸਟ੍ਰੀਟਸਵਿਲ ਹਲਕੇ ਵਿੱਚ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਰਹੀ।
ਚੋਣਾਂ ਜਿੱਤਣ ਵਾਲੇ ਹੋਰ ਵਿਧਾਇਕਾਂ ਵਿੱਚ ਬਰੈਂਪਟਨ ਈਸਟ ਤੋਂ ਹਰਦੀਪ ਸਿੰਘ ਗਰੇਵਾਲ, ਬਰੈਂਪਟਨ ਵੈਸਟ ਤੋਂ ਅਮਰਜੋਤ ਸਿੰਘ ਸੰਧੂ ਅਤੇ ਮਿਸੀਸਾਗਾ-ਮਾਲਟਨ ਤੋਂ ਦੀਪਕ ਆਨੰਦ ਸ਼ਾਮਲ ਸਨ। ਸੰਧੂ ਅਤੇ ਦੀਪਕ ਨੇ ਗ੍ਰੇਟਰ ਟੋਰਾਂਟੋ ਏਰੀਆ (GTA) ਦੇ ਹਲਕਿਆਂ ਤੋਂ ਲਗਾਤਾਰ ਤੀਜੀ ਵਾਰ ਜਿੱਤ ਪ੍ਰਾਪਤ ਕੀਤੀ ਹੈ।
ਸਾਲ 2022 ਦੌਰਾਨ ਰਾਜਨੀਤਕ ਪਿੜ ਵਿੱਚ ਦਾਖਲ ਹੋਏ ਗਰੇਵਾਲ ਨੇ National Democratic Party (ਐਨਡੀਪੀ) ਦੇ ਨੈਸ਼ਨਲ ਕਨਵੀਨਰ ਜਗਮੀਤ ਸਿੰਘ ਦੇ ਭਰਾ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨ ਵਾਲੇ ਗੁਰਰਤਨ ਸਿੰਘ ਨੂੰ ਹਰਾ ਕੇ ਸੂਬਾਈ ਸੰਸਦ ਭਾਵ Member of Provincial Parliament (MPP) ਦੇ ਮੈਂਬਰ ਬਣੇ ਸਨ।
ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਲਿਆ ਜੋਖਮ
ਰਾਜਨੀਤਿਕ ਮਾਹਿਰਾਂ ਅਨੁਸਾਰ ਡੱਗ ਫੋਰਡ ਨੇ ਪਿਛਲੇ ਸਾਲ ਨਵੰਬਰ ਮਹੀਨੇ ਟਰੰਪ ਵੱਲੋਂ ਚੋਣਾਂ ਜਿੱਤਣ ਪਿੱਛੋਂ ਸੱਤਾ ਵਿੱਚ ਵਾਪਸੀ ਨੂੰ ਦੇਖਦਿਆਂ ਸੂਬੇ ਵਿੱਚ ਜਲਦੀ ਚੋਣਾਂ ਕਰਾਉਣ ਲਈ ਠਾਣ ਲਈ ਸੀ। ਹਾਲਾਂਕਿ, ਓਨਟਾਰੀਓ ਸੂਬੇ ਦੀਆਂ ਚੋਣਾਂ ਟਰੰਪ ਵੱਲੋਂ ਵਾਧੂ ਟੈਰਿਫ ਲਾਉਣ ਧਮਕੀ ਦੇ ਪਰਛਾਵੇਂ ਹੇਠ ਕੈਨੇਡਾ ਵਿੱਚ ਹੋਣ ਵਾਲੀ ਪਹਿਲੀ ਚੋਣ ਸੀ ਅਤੇ ਚੋਣ ਮੁਹਿੰਮ ਦੌਰਾਨ ਹੀ ਵਾਸ਼ਿੰਗਟਨ ਦੇ ਦੋ ਦੌਰੇ ਕਰਨ ਲਈ ਵਿਰੋਧੀ ਧਿਰ ਦੁਆਰਾ ਪ੍ਰੀਮੀਅਰ ਡੱਗ ਫੋਰਡ ਦੀ ਆਲੋਚਨਾ ਵੀ ਹੋਈ ਸੀ ਪਰ ਫਿਰ ਵੀ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ।
ਪਾਰਟੀਆਂ ਵੱਲੋਂ ਜਿੱਤ ਦੇ ਅੰਕੜੇ
ਓਨਟਾਰੀਓ ਦੀ ਸੂਬਾਈ ਸੰਸਦ ਵਿੱਚ 124 ਸੀਟਾਂ ਹਨ ਅਤੇ ਬਹੁਮਤ ਲਈ 63 ਸੀਟਾਂ ਦੀ ਲੋੜ ਹੁੰਦੀ ਹੈ। ਡੱਗ ਦੀ ਅਗਵਾਈ ਹੇਠ ਸੱਤਾਧਾਰੀ ਪਾਰਟੀ ਨੇ ਲਗਭਗ 43 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰਦਿਆਂ 80 ਸੀਟਾਂ ਜਿੱਤ ਕੇ ਬਹੁਮਤ ਹਾਸਲ ਕਰ ਲਿਆ ਹੈ ਪਰ ਇਸ ਅੰਕੜਾ ਸਾਲ 2022 ਦੀਆਂ ਅਸੰਬਲੀ ਚੋਣਾਂ ਵਿੱਚ ਜਿੱਤੀਆਂ 83 ਸੀਟਾਂ ਤੋਂ ਘੱਟ ਹੈ। ਐਨਡੀਪੀ ਲਗਭਗ 19 ਪ੍ਰਤੀਸ਼ਤ ਵੋਟ ਹਿੱਸੇਦਾਰੀ ਨਾਲ 27 ਸੀਟਾਂ ਜਿੱਤ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ ਜਦਕਿ ਲਿਬਰਲਾਂ ਨੂੰ 30 ਫੀਸਦ ਵੋਟਾਂ ਨਾਲ 14 ਸੀਟਾਂ ਹੀ ਮਿਲੀਆਂ ਹਨ। ਗ੍ਰੀਨ ਪਾਰਟੀ ਨੇ ਦੋ ਸੀਟਾਂ ਜਿੱਤੀਆਂ ਅਤੇ ਇੱਕ ਸੀਟ ਉੱਤੇ ਆਜ਼ਾਦ ਉਮੀਦਵਾਰ ਜੇਤੂ ਰਿਹਾ।
ਇਲੈਕਸ਼ਨਜ ਓਨਟਾਰੀਓ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ 11 ਮਿਲੀਅਨ ਤੋਂ ਵੱਧ ਯੋਗ ਵੋਟਰਾਂ ਵਿੱਚੋਂ ਕਰੀਬ 5 ਮਿਲੀਅਨ ਵੋਟਰਾਂ ਨੇ ਹੀ ਵੋਟਾਂ ਵਿੱਚ ਹਿੱਸਾ ਲਿਆ ਜੋ ਕਿ ਲਗਭਗ 45.4 ਪ੍ਰਤੀਸ਼ਤ ਬਣਦਾ ਹੈ ਜਦਕਿ ਪਿਛਲੀਆਂ ਚੋਣਾਂ ਵਿੱਚ ਕਰੀਬ 44 ਫੀਸਦ ਵੋਟਰਾਂ ਨੇ ਵੋਟਾਂ ਵਿੱਚ ਹਿੱਸਾ ਲਿਆ ਸੀ। ਸਾਲ 2018 ਵਿੱਚ ਇਹ ਅੰਕੜਾ 57 ਫੀਸਦ ਸੀ।