ਕ੍ਰਿਸ਼ਨੂ ਦੇ ਖੁਲਾਸਿਆਂ ਨਾਲ ਸੀਨੀਅਰ ਅਧਿਕਾਰੀ ਸਕਤੇ ‘ਚ ; ਪਰਿਵਾਰ ਨੇ ਧਾਰੀ ਚੁੱਪੀ

ਖ਼ਾਕੀ ਤੋਂ ਜੇਲ੍ਹ ਤੱਕ : ਭੁੱਲਰ ਦੀ ਦੀਵਾਲੀ ਗੁਜ਼ਰੇਗੀ ਬੈਰਕ ‘ਚ

ਚੰਡੀਗੜ੍ਹ, 21 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਦੇ ਮੁਅੱਤਲ ਡੀਆਈਜੀ ਰੋਪੜ ਰੇਂਜ, ਹਰਚਰਨ ਸਿੰਘ ਭੁੱਲਰ ਦੇ ਆਲੇ-ਦੁਆਲੇ ਸ਼ਿਕੰਜਾ ਹੋਰ ਕੱਸਿਆ ਲੱਗਾ ਹੈ ਕਿਉਂਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਭ੍ਰਿਸ਼ਟਾਚਾਰ, ਬੇਨਾਮੀ ਜਾਇਦਾਦਾਂ ਅਤੇ ਕਈ ਸੀਨੀਅਰ ਅਧਿਕਾਰੀਆਂ ਅਤੇ ਸਿਆਸਤਦਾਨਾਂ ਨਾਲ ਕਥਿਤ ਸਬੰਧਾਂ ਬਾਰੇ ਆਪਣੀ ਜਾਂਚ ਦਾ ਘੇਰਾ ਵਧਾਉਣ ਦੀ ਸੰਭਾਵਨਾ ਹੈ। ਇਸ ਸਮੇਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਬੰਦ ਭੁੱਲਰ ਐਤਕੀ ਸਲਾਖਾਂ ਪਿੱਛੇ ਹੀ ਦੀਵਾਲੀ ਮਨਾਏਗਾ।

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਵਰਦੀ ਅਤੇ ਅਹੁਦੇ ਦੀ ਦੁਰਵਰਤੋਂ ਕਰਕੇ ਉਹ ਤਾਕਤ ਨਾਲ ਲੈਣ-ਦੇਣ ਦਾ ਇੱਕ ਸਮਾਨਾਂਤਰ ਧੰਦਾ ਚਲਾ ਰਿਹਾ ਸੀ ਜਿਸਨੇ ਹੁਣ ਉਸਦੇ ਕਰੀਅਰ, ਰਸੂਖ ਅਤੇ ਸ਼ਾਖ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਹੈ।

ਉਧਰ ਸੀਬੀਆਈ ਉਸਦੇ ਨਜ਼ਦੀਕੀ ਸਾਥੀ ਕ੍ਰਿਸ਼ਨੂ ਸ਼ਾਰਦਾ ਦੁਆਰਾ ਕੀਤੇ ਗਏ ਖੁਲਾਸਿਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪਿਛਲੇ ਸਾਲਾਂ ਦੌਰਾਨ ਸਭ ਤੋਂ ਹੈਰਾਨ ਕਰਨ ਵਾਲੀਆਂ ਬਰਾਮਦਗੀਆਂ ਵਿੱਚੋਂ ਇੱਕ ਵਿੱਚ, ਸੀਬੀਆਈ ਨੇ ਭੁੱਲਰ ਦੇ ਚੰਡੀਗੜ੍ਹ ਸਥਿਤ ਘਰ ‘ਤੇ ਛਾਪੇਮਾਰੀ ਦੌਰਾਨ 7.50 ਕਰੋੜ ਰੁਪਏ ਦੀ ਨਕਦੀ, ਲਗਭਗ 2.5 ਕਿਲੋਗ੍ਰਾਮ ਸੋਨੇ ਦੇ ਗਹਿਣੇ, 26 ਪ੍ਰੀਮੀਅਮ ਘੜੀਆਂ, ਕਈ ਬੈਂਕ ਖਾਤਿਆਂ ਦੇ ਕਾਗਜ਼ ਤੇ ਲਾਕਰਾਂ ਦੀਆਂ ਚਾਬੀਆਂ, 40 ਲੀਟਰ ਵਿਦੇਸ਼ੀ ਸ਼ਰਾਬ, 100 ਜਿੰਦਾ ਰੌਂਦਾਂ ਸਮੇਤ ਚਾਰ ਹਥਿਆਰ, ਦੋ ਲਗਜ਼ਰੀ ਕਾਰਾਂ ਦੀਆਂ ਚਾਬੀਆਂ – ਮਰਸੀਡੀਜ਼ ਬੈਂਜ਼ ਅਤੇ ਔਡੀ ਅਤੇ ਉੱਚ ਪੱਧਰੀ ਘਰੇਲੂ ਸਮਾਨ ਜ਼ਬਤ ਕੀਤਾ ਹੈ ਅਤੇ ਸਮਰਾਲਾ ਨੇੜੇ ਬੌਂਦਲੀ ਪਿੰਡ ਵਿਖੇ ਉਸਦੇ ਫਾਰਮ ਹਾਊਸ ਤੋਂ ਵੀ 108 ਬੋਤਲਾਂ ਪ੍ਰੀਮੀਅਮ ਸ਼ਰਾਬ ਤੋਂ ਇਲਾਵਾ 7.50 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ।

ਜਾਂਚਕਰਤਾਵਾਂ ਨੂੰ ਦੁਬਈ ਤੇ ਕੈਨੇਡਾ ਸਮੇਤ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ 50 ਰਿਹਾਇਸ਼ੀ ਅਤੇ ਵਪਾਰਕ ਪਲਾਟਾਂ ਦੀ ਮਾਲਕੀ ਵਾਲੀਆਂ ਜਾਇਦਾਦਾਂ ਦੇ ਕਾਗਜ਼ਾਤ ਵੀ ਮਿਲੇ ਹਨ। ਇਸ ਤੋਂ ਇਲਾਵਾ ਨਿਵੇਸ਼ ਡੀਡ ਅਤੇ ਰਿਸ਼ਤੇਦਾਰਾਂ ਅਤੇ ਸਹਿਯੋਗੀਆਂ ਦੇ ਨਾਮ ‘ਤੇ ਬੇਨਾਮੀ ਹੋਲਡਿੰਗਜ਼ ਵੱਲ ਇਸ਼ਾਰਾ ਕਰਦੇ ਦਸਤਾਵੇਜ਼ ਵੀ ਮਿਲੇ ਹਨ। ਉਨ੍ਹਾਂ ਦੇ ਲਗਜ਼ਰੀ ਵਾਹਨਾਂ ਦੀ ਮਾਲਕੀ ਟ੍ਰੇਲ ਅਤੇ ਖਰੀਦ ਇਤਿਹਾਸ ਸਥਾਪਤ ਕਰਨ ਲਈ ਉਨ੍ਹਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਆਪਣੀ ਸਾਲ 2024 ਦੀ ਸਲਾਨਾ ਆਮਦਨ ਕਰ ਰਿਟਰਨ ਤੇ ਜਾਇਦਾਦ ਐਲਾਨ ਵਿੱਚ ਭੁੱਲਰ ਨੇ ਲਗਭਗ 14 ਕਰੋੜ ਰੁਪਏ ਦੀਆਂ ਸਿਰਫ਼ ਅੱਠ ਜਾਇਦਾਦਾਂ ਦੀ ਸੂਚੀ ਦਿੱਤੀ ਸੀ ਜੋ ਕਿ ਤਲਾਸ਼ੀ ਦੌਰਾਨ ਮਿਲੀ ਰਕਮ ਦਾ ਇੱਕ ਹਿੱਸਾ ਸੀ। ਪਰ ਹੁਣ ਜਾਹਰਾ ਤੌਰ ਤੇ ਸਾਹਮਣੇ ਆਈ ਬੇਹਿਸਾਬ ਦੌਲਤ ਨੇ ਇਸ ਬਾਰੇ ਅਸਹਿਜ ਸਵਾਲ ਖੜ੍ਹੇ ਕੀਤੇ ਹਨ ਕਿ ਇੱਕ ਨੌਕਰੀ ਕਰਨ ਵਾਲਾ ਅਧਿਕਾਰੀ ਬਿਨਾਂ ਜਾਂਚ ਤੇ ਰੋਕ ਟੋਕ ਤੋਂ ਇੰਨੀਆਂ ਜਾਇਦਾਦਾਂ ਤੇ ਦੌਲਤ ਕਿਵੇਂ ਇਕੱਠੀ ਕਰ ਸਕਦਾ ਹੈ।

ਭੁੱਲਰ ਦੇ ਭ੍ਰਿਸ਼ਟਾਚਾਰ ਦੇ ਜਾਲ ਦੀ ਜਾਂਚ ਹੋਵੇਗੀ ਲੰਬੀ ; 8 ਡੀਐਸਪੀ ਤੇ ਹੋਰ ਜਾਂਚ ਦੇ ਘੇਰੇ ਵਿੱਚ

ਸੂਤਰਾਂ ਅਨੁਸਾਰ 8 ਲੱਖ ਰੁਪਏ ਦੇ ਇਸ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੇ ਆਪਣੀ ਪੁੱਛਗਿੱਛ ਦੌਰਾਨ ਸਨਸਨੀਖ਼ੇਜ਼ ਖੁਲਾਸੇ ਕੀਤੇ ਹਨ ਅਤੇ ਇਹ ਮੰਨਿਆ ਕਿ ਉਸ ਦੇ ਘਰ ਤੋਂ ਬਰਾਮਦ ਕੀਤੇ ਗਏ 21 ਲੱਖ ਰੁਪਏ ਵੀ ਡੀਆਈਜੀ ਭੁੱਲਰ ਦੇ ਸਨ। ਹੋਰ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਕ੍ਰਿਸ਼ਨਾਨੂ ਨੇ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਫੋਰਸ ਦੇ ਕਈ ਉੱਚ-ਪ੍ਰੋਫਾਈਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਮ ਲਏ ਹਨ ਜਿਨ੍ਹਾਂ ਨਾਲ ਉਸਨੇ ਅਤੇ ਭੁੱਲਰ ਨੇ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਕੰਮਾਂ ਅਤੇ ਪ੍ਰਸ਼ਾਸਨਿਕ ਪੱਖਾਂ ਲਈ ਨਜ਼ਦੀਕੀ “ਕਾਰਜਸ਼ੀਲ ਸਬੰਧ” ਬਣਾਏ ਹੋਏ ਹਨ।

ਕ੍ਰਿਸ਼ਾਨੂ ਦੇ ਖੁਲਾਸੇ ਜਾਂਚ ਦੇ ਘੇਰੇ ਵਿੱਚ

ਸੂਤਰਾਂ ਨੇ ਕਿਹਾ ਕਿ ਸੀਬੀਆਈ ਹੁਣ ਕ੍ਰਿਸ਼ਾਨੂੰ ਦੇ ਖੁਲਾਸਿਆਂ ਦੀ ਵਿਸਥਾਰ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਪੁੱਛਗਿੱਛ ਦੌਰਾਨ ਪਛਾਣੇ ਗਏ ਇਨ੍ਹਾਂ ਕੁਝ ਸੀਨੀਅਰ ਅਧਿਕਾਰੀਆਂ ਤੋਂ ਪੁੱਛਗਿੱਛ ਕਰ ਸਕਦੀ ਹੈ। ਇਹ ਖੁਲਾਸੇ ਲੰਬੀਆਂ ਗੱਲਾਬਾਤਾਂ, ਵਿੱਤੀ ਲੈਣ-ਦੇਣ ਅਤੇ ਆਦਾਨ-ਪ੍ਰਦਾਨ ਦੇ ਇੱਕ ਵਿਸ਼ਾਲ ਨੈੱਟਵਰਕ ਵੱਲ ਇਸ਼ਾਰਾ ਕਰਦੇ ਹਨ। ਇੱਕ ਸੀਬੀਆਈ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਏਜੰਸੀ ਇਨ੍ਹਾਂ ਖੁਲਾਸਿਆਂ ਦਾ ਮੁਲਾਂਕਣ ਕਰ ਰਹੀ ਹੈ ਅਤੇ ਜੇਕਰ ਪੁਸ਼ਟੀਕਰਨ ਸਬੂਤ ਮਿਲੇ ਤਾਂ ਸ਼ੱਕੀ ਵਿਅਕਤੀਆਂ ਨੂੰ ਤਲਬ ਕਰਨ ਦੀ ਸੰਭਾਵਨਾ ਹੈ।

ਸੀਬੀਆਈ ਭੁੱਲਰ ਤੋਂ ਜੇਲ੍ਹ ਦੇ ਅੰਦਰ ਵੀ ਕਰ ਸਕਦੀ ਹੈ ਪੁੱਛਗਿੱਛ

ਕਾਨੂੰਨੀ ਪ੍ਰਕਿਰਿਆ ਦੇ ਅਨੁਸਾਰ, ਸੀਬੀਆਈ ਕੋਲ ਅਦਾਲਤ ਦੀ ਇਜਾਜ਼ਤ ਲੈਣ ਤੋਂ ਬਾਅਦ ਜੇਲ੍ਹ ਦੇ ਅੰਦਰ ਹੀ ਭੁੱਲਰ ਤੋਂ ਪੁੱਛਗਿੱਛ ਕਰਨ ਦਾ ਵਿਕਲਪ ਮੌਜੂਦ ਹੈ ਜਿੱਥੇ ਉਸਦੇ ਬਿਆਨ ਰਿਕਾਰਡ ਕੀਤੇ ਜਾ ਸਕਦੇ ਹਨ ਅਤੇ ਵੀਡੀਓ-ਦਸਤਾਵੇਜ਼ ਪ੍ਰਾਪਤ ਕੀਤੇ ਜਾ ਸਕਦੇ ਹਨ। ਜੇਕਰ ਸ਼ਨਾਖ਼ਤੀ ਪਰੇਡ, ਤਫ਼ਤੀਸ਼ ਜਾਂ ਜਿਰ੍ਹਾ ਕਰਨ ਲਈ ਲੋੜ ਹੋਵੇ, ਤਾਂ ਭੁੱਲਰ ਨੂੰ ਅਦਾਲਤ ਦੀ ਪ੍ਰਵਾਨਗੀ ਨਾਲ ਪ੍ਰੋਡਕਸ਼ਨ ਵਾਰੰਟਾਂ ਹੇਠ ਜੇਲ੍ਹ ਤੋਂ ਬਾਹਰ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।

ਡੀਐਸਪੀ ਰਾਡਾਰ ਹੇਠ

ਸੂਤਰਾਂ ਅਨੁਸਾਰ ਲਗਭਗ ਅੱਠ ਡੀਐਸਪੀ ਏਜੰਸੀ ਦੇ ਰਾਡਾਰ ਹੇਠ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਉਨ੍ਹਾਂ ਵਿੱਚੋਂ ਕੁਝ ਸੰਭਾਵੀ ਸੰਮਨਾਂ ਤੋਂ ਬਚਣ ਲਈ ਰਾਤ ਨੂੰ ਚੰਡੀਗੜ੍ਹ ਛੱਡ ਕੇ ਪੰਜਾਬ ਵਿੱਚ ਰਹਿਣ ਲਈ ਵੀ ਚਲੇ ਜਾਂਦੇ ਹਨ। ਇਨ੍ਹਾਂ ਅਧਿਕਾਰੀਆਂ ਨੂੰ ਟਰੈਕ ਕੀਤਾ ਜਾ ਰਿਹਾ ਹੈ। ਇੱਕ ਜਾਂਚਕਰਤਾ ਨੇ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ। ਇੱਕ ਵਾਰ ਪੁਖਤਾ ਦਸਤਾਵੇਜ਼ ਮਿਲਣ ਅਤੇ ਸਬੂਤਾਂ ਤੋਂ ਬਾਅਦ ਰਸਮੀ ਨੋਟਿਸ ਭੇਜੇ ਜਾ ਸਕਦੇ ਹਨ।

ਬੁੜੈਲ ਜੇਲ੍ਹ ‘ਚ ਲੰਘੇਗੀ ਦੀਵਾਲੀ

ਕਿਸੇ ਸਮੇਂ ਤਾਕਤਵਰ ਸਥਿਤੀ ਵਿੱਚ ਰਿਹਾ ਭੁੱਲਰ ਹੁਣ ਸ਼ਾਂਤ ਹੋ ਕੇ ਜੇਲ੍ਹ ਕੱਟ ਰਿਹਾ ਹੈ ਅਤੇ ਉਹ ਬਿਨਾਂ ਕਿਸੇ ਵਿਸ਼ੇਸ਼ ਅਧਿਕਾਰਾਂ ਤੋਂ ਆਪਣੀ ਪਹਿਲੀ ਦੀਵਾਲੀ ਸਲਾਖਾਂ ਪਿੱਛੇ ਹੀ ਮਨਾਏਗਾ। ਉਸਨੂੰ ਜੇਲ੍ਹ ਭੇਜੇ ਜਾਣ ਤੋਂ ਬਾਅਦ ਪਰਿਵਾਰ ਤੋਂ ਇਲਾਵਾ ਹੋਰ ਕੋਈ ਮੁਲਾਕਾਤੀ ਨਹੀਂ ਪਹੁੰਚਿਆ। ਜੇਲ੍ਹ ਸੂਤਰਾਂ ਨੇ ਕਿਹਾ ਕਿ ਉਸਦਾ ਇੱਕ ਸਾਦਾ ਰੁਟੀਨ ਹੈ, ਉਹੀ ਦਾਲ, ਸਬਜ਼ੀ ਅਤੇ ਰੋਟੀ ਖਾਂਦਾ ਹੈ ਜੋ ਦੂਜੇ ਕੈਦੀਆਂ ਨੂੰ ਮਿਲਦੀ ਹੈ ਅਤੇ ਜੇਲ੍ਹ ਵੱਲੋਂ ਦਿੱਤੇ ਗਏ ਸਿਰਹਾਣੇ ਅਤੇ ਕੰਬਲ ਨਾਲ ਫਰਸ਼ ‘ਤੇ ਇੱਕ ਪਤਲੇ ਗੱਦੇ ‘ਤੇ ਸੌਂਦਾ ਹੈ। ਪਰਿਵਾਰ ਨੂੰ ਉਸ ਨੂੰ ਕੁੱਝ ਕੱਪੜੇ ਪਹਿਨਣ ਲਈ ਭੇਜੇ ਹਨ। ਉਹ ਜ਼ਿਆਦਾਤਰ ਚੁੱਪ ਹੀ ਰਹਿੰਦਾ ਹੈ, ਇਕੱਲਾ ਸਮਾਂ ਬਿਤਾਉਂਦਾ ਹੈ ਅਤੇ ਦੂਜਿਆਂ ਨਾਲ ਗੱਲਬਾਤ ਤੋਂ ਪਰਹੇਜ਼ ਕਰਦਾ ਹੈ।

ਭੁੱਲਰ ਵਾਲੀ ਬੈਰਕ ਵਿੱਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਆਈਜੀ ਜ਼ਹੂਰ ਜ਼ੈਦੀ ਅਤੇ ਪੰਜਾਬ ਦੇ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਵੀ ਬੰਦ ਹੈ ਜਿਸਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਆਪਣੇ ਜਵਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਭੁੱਲਰ ਨਾਲ ਗ੍ਰਿਫ਼ਤਾਰ ਕੀਤੇ ਗਏ ਉਸਦਾ ਚਹੇਤਾ ਵਿਚੋਲੀਆ ਕ੍ਰਿਸ਼ਾਨੂ ਜੇਲ੍ਹ ਦੀ ਵੱਖਰੀ ਬੈਰਕ ਵਿੱਚ ਬੰਦ ਹੈ।

ਪਰਿਵਾਰ ਨੇ ਵਿਵਾਦਾਂ ਤੋਂ ਬਣਾਈ ਦੂਰੀ

ਭੁੱਲਰ ਇੱਕ ਜਾਣੇ-ਪਛਾਣੇ ਪਿਛੋਕੜ ਵਾਲਾ ਹੈ ਜੋ ਸੈਕਟਰ 40 ਚੰਡੀਗੜ੍ਹ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਹ ਵਿਆਹਿਆ ਹੋਇਆ ਹੈ ਅਤੇ ਉਸਦਾ ਇੱਕ ਪੁੱਤਰ ਅਤੇ ਇੱਕ ਧੀ ਹੈ। ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸਦਾ ਪਰਿਵਾਰ ਜਨਤਕ ਤੌਰ ‘ਤੇ ਦਿਖਾਈ ਦੇਣ ਅਤੇ ਮੀਡੀਆ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰਦਾ ਹੋਇਆ, ਇੱਕ ਘੱਟ ਪ੍ਰੋਫਾਈਲ ਵਾਲਾ ਬਣਿਆ ਹੋਇਆ ਹੈ।

ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨਾਲ ਸਬੰਧ

ਭੁੱਲਰ ਦੇ ਕਈ ਸਮਾਜਿਕ ਅਤੇ ਧਾਰਮਿਕ ਸੰਗਠਨਾਂ ਨਾਲ ਸਬੰਧਾਂ ਦੀ ਵੀ ਜਾਂਚ ਚੱਲ ਰਹੀ ਹੈ, ਜਿਸ ਰਾਹੀਂ ਉਸਨੇ ਆਪਣੇ ਪ੍ਰਭਾਵ ਨੈੱਟਵਰਕ ਦਾ ਵਿਸਥਾਰ ਕੀਤਾ ਹੋ ਸਕਦਾ ਹੈ। ਉਹ ਲਗਭਗ 17 ਸਾਲਾਂ ਤੋਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਨਾਲ ਜੁੜਿਆ ਹੋਇਆ ਹੈ। ਉਹ ਸਮਾਜ ਸੇਵਕ ਸੁਰਿੰਦਰਪਾਲ ਸਿੰਘ ਓਬਰਾਏ ਦੁਆਰਾ ਚਲਾਏ ਜਾ ਰਹੇ ‘ਸਰਬੱਤ ਦਾ ਭਲਾ ਟਰੱਸਟ’ ਨਾਲ ਵੀ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਭੁੱਲਰ ਸੰਗਰੂਰ ਜ਼ਿਲ੍ਹੇ ਦੀ ਅਕਾਲ ਕਾਲਜ ਕੌਂਸਲ, ਮਸਤੂਆਣਾ ਸਾਹਿਬ ਦਾ ਮੈਂਬਰ ਵੀ ਹੈ।

ਅਣਦੱਸੀ ਦੌਲਤ, ਬੇਨਾਮੀ ਜਾਇਦਾਦਾਂ ਅਤੇ ਵੱਡੇ ਅਧਿਕਾਰੀਆਂ ਤੇ ਸਿਆਸਤਦਾਨਾਂ ਦੀ ਸ਼ਮੂਲੀਅਤ ਵਾਲੇ ਖੁਲਾਸਿਆਂ ਦੇ ਵਧਦੇ ਸਬੂਤਾਂ ਦੇ ਮੱਦੇਨਜ਼ਰ ਮੁਅੱਤਲ ਡੀਆਈਜੀ ਭੁੱਲਰ ਦੇ ਮਾਮਲੇ ਵਿੱਚ ਸੀਬੀਆਈ ਦੀ ਜਾਂਚ ਹੁਣ ਪ੍ਰਭਾਵ, ਪੈਸੇ ਅਤੇ ਸ਼ਕਤੀ ਦੀ ਦੁਰਵਰਤੋਂ ਬਾਰੇ ਬਹੁ-ਪੱਧਰੀ ਜਾਂਚ ਵਿੱਚ ਬਦਲ ਗਈ ਹੈ ਜਿਸ ਨਾਲ ਪਿਛਲੇ ਸਾਲਾਂ ਵਿੱਚ ਪੰਜਾਬ ਦੇ ਸਭ ਤੋਂ ਗੁੰਝਲਦਾਰ ਭ੍ਰਿਸ਼ਟਾਚਾਰ ਨੈੱਟਵਰਕਾਂ ਵਿੱਚੋਂ ਇੱਕ ਦਾ ਪਰਦਾਫਾਸ਼ ਹੋ ਸਕਦਾ ਹੈ।

ਭੁੱਲਰ ਦੀ ਗ੍ਰਿਫਤਾਰੀ ਪਿੱਛੋਂ ਵਿਰੋਧੀ ਪਾਰਟੀਆਂ ਨੇ ਉੱਚ ਅਧਿਕਾਰੀਆਂ ਅਤੇ ਕਾਰੋਬਾਰੀਆਂ ਵਿਚਕਾਰ ਕਥਿਤ ਨਾਪਾਕ ਗੱਠਜੋੜਾਂ ਦੀ ਪੂਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ ਜਦੋਂਕਿ ਰਾਜ ਸਰਕਾਰ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਰਿਸ਼ਵਤ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਸਦਾ ਰੈਂਕ ਕੋਈ ਵੀ ਹੋਵੇ। 

error: Content is protected !!