30 ਨਵੰਬਰ ਤੋਂ ਅੰਮ੍ਰਿਤਸਰ ‘ਚ ਹੋਣਗੇ ਚਾਰ ਰੋਜ਼ਾ ਸੱਭਿਆਚਾਰਕ ਮੁਕਾਬਲੇ
ਚੰਡੀਗੜ੍ਹ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 3 ਦਸੰਬਰ ਤੱਕ ਚਾਰ ਦਿਨ ਰਾਜ ਭਰ ਦੀਆਂ ਯੂਨੀਵਰਸਿਟੀਆਂ ਤੋਂ ਸੱਭਿਆਚਾਰਕ, ਕਲਾਤਮਕ, ਗਾਇਨ, ਡਾਂਸ, ਆਦਿ ਵਰਗਾਂ ਵਿੱਚ ਜੋਸ਼ੀਲੇ ਮੁਕਾਬਲੇ ਅਤੇ ਵਿਦਿਆਰਥੀ ਪ੍ਰਤਿਭਾ ਦਿਖਾਈ ਦੇਵੇਗੀ।
ਪਹਿਲੀ ਵਾਰ ਇਸ ਫੈਸਟੀਵਲ ਵਿੱਚ ਸਿੱਖ ਜੰਗਜੂ ਕਲਾ ਗੱਤਕਾ ਵੀ ਸ਼ਾਮਲ ਹੋਇਆ ਹੈ ਜਿਸ ਦੀ ਸ਼ਮੂਲੀਅਤ ਅਤੇ ਮੁਕਾਬਲੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਦੇ ਯਤਨਾਂ ਸਦਕਾ ਸ਼ੁਰੂ ਕਰਵਾਏ ਗਏ ਹਨ। ਇੱਥੇ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਗੱਤਕਾ ਟੀਮਾਂ ਆਪਣੀ ਜੰਗੀ ਕਲਾ ਦੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ ਜਿਸ ਨਾਲ ਸਾਲਾਨਾ ਮੇਲੇ ਵਿੱਚ ਇੱਕ ਸ਼ਾਨਦਾਰ ਨਵਾਂ ਅਧਿਆਏ ਜੁੜ ਜਾਵੇਗਾ।
ਇਹ ਸਲਾਨਾ ਯੁਵਕ ਮੇਲਾ ਪੰਜਾਬ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਇਆ ਜਾਂਦਾ ਹੈ ਜਿਸਦਾ ਉਦੇਸ਼ ਵਿਦਿਆਰਥੀਆਂ ਵਿੱਚ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਦੇ ਹੋਏ ਰਾਜ ਦੀ ਕਲਾਤਮਕ, ਸੰਗੀਤਕ ਅਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣਾ, ਪ੍ਰਫੁੱਲਤ ਕਰਨਾ ਅਤੇ ਨਵੀਂ ਪੀੜ੍ਹੀ ਨੂੰ ਇਤਿਹਾਸਕ ਅਤੇ ਮਾਣਮੱਤੀ ਵਿਰਾਸਤ ਨਾਲ ਜੋੜਨਾ ਵੀ ਹੈ।
ਇਸ ਮੇਲੇ ਦੌਰਾਨ ਰਾਜ ਦੀਆਂ ਸਰਕਾਰੀ ਅਤੇ ਨਿੱਜੀ ਯੂਨੀਵਰਸਿਟੀਆਂ ਦੇ 4,000 ਤੋਂ ਵੱਧ ਵਿਦਿਆਰਥੀ ਵੱਖ-ਵੱਖ ਸਾਹਿਤਕ, ਸੱਭਿਆਚਾਰਕ, ਥੀਏਟਰ, ਸੰਗੀਤ, ਨਾਚ ਅਤੇ ਲਲਿਤ ਕਲਾਵਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ।
ਐਨ.ਜੀ.ਏ.ਆਈ. ਦੇ ਪ੍ਰਧਾਨ ਐਡਵੋਕੇਟ ਹਰਜੀਤ ਸਿੰਘ ਗਰੇਵਾਲ, ਸਟੇਟ ਐਵਾਰਡੀ, ਨੇ ਕਿਹਾ ਕਿ ਪੰਜਾਬੀਆਂ ਕੋਲ ਵਿਸ਼ਾਲ ਅਤੇ ਅਮੀਰ ਸੱਭਿਆਚਾਰਕ, ਕਲਾਤਮਕ, ਸੰਗੀਤਕ ਅਤੇ ਸਾਹਿਤਕ ਦੌਲਤ ਹੈ ਜਿਸਦੀ ਰਾਖੀ ਕਰਨਾ, ਸੰਭਾਲਣਾ ਅਤੇ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਨੂੰ ਆਪਣੀਆਂ ਵਿਰਾਸਤੀ ਜੜ੍ਹਾਂ ਅਤੇ ਸੱਭਿਆਚਾਰ ਪਰੰਪਰਾਵਾਂ ਨਾਲ ਜੁੜਨ ਵਿੱਚ ਯਕੀਨਨ ਮਦਦ ਕਰਦੇ ਹਨ।
