Skip to content

ਸ੍ਰੀ ਦਰਬਾਰ ਸਾਹਿਬ ਦੇ ਅਹੁਦੇ ਖਾਤਰ ਅਦਾਲਤ ਵਿੱਚ ਚੁਣੌਤੀ ਦੇਣ ਲਈ ਸਰਨਾ ਵੱਲੋਂ ਸਖ਼ਤ ਨਿੰਦਾ

ਅੰਮ੍ਰਿਤਸਰ 29 ਜੂਨ,  2025 (ਫਤਿਹ ਪੰਜਾਬ ਬਿਊਰੋ) ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 26 ਜੂਨ ਨੂੰ ਪਟੀਸ਼ਨ ਦਾਖ਼ਲ ਕੀਤੀ ਹੈ। ਉਨ੍ਹਾਂ ਆਪਣੇ ਵਕੀਲ ਰਾਹੀਂ ਦਾਇਰ ਕੀਤੀ ਇਸ ਪਟੀਸ਼ਨ ਵਿੱਚ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ SGPC ਉਨ੍ਹਾਂ ਨੂੰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ਕਰ ਰਹੀ ਹੈ ਜਿਸ ਕਾਰਨ ਉਹਨਾਂ ਨੇ ਇਹ ਮਾਮਲਾ ਅਦਾਲਤ ਅੱਗੇ ਰੱਖ ਕੇ ਇਨਸਾਫ਼ ਲੈਣਾ ਜ਼ਰੂਰੀ ਸਮਝਿਆ ਹੈਇਸ ਮੁਕੱਦਮੇ ਵਿੱਚ ਅਦਾਲਤ ਨੇ ਸ਼੍ਰੋਮਣੀ ਕਮੇਟੀ ਨੂੰ ਅਗਲੀ ਪੇਸ਼ੀ ਤੇ 01 ਜੁਲਾਈ ਲਈ ਨੋਟਿਸ ਜਾਰੀ ਕੀਤਾ ਹੈ।

ਪਟੀਸ਼ਨ ਵਿੱਚ ਗਿਆਨੀ ਰਘਬੀਰ ਸਿੰਘ ਨੇ ਮੰਗ ਕੀਤੀ ਹੈ ਕਿ SGPC ਵੱਲੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦੀ ਸੰਭਾਵਨਾ ਰੋਕੀ ਜਾਵੇ ਅਤੇ ਸ਼੍ਰੋਮਣੀ ਕਮੇਟੀ ਨਾਲ ਚਲਦੇ ਰੱਫੜ ਕਾਰਨ ਉਨ੍ਹਾਂ ਨੂੰ ਬਿਨਾਂ ਕਿਸੇ ਕਾਰਨ ਜਾਂ ਸੂਚਨਾ ਤੋਂ ਹਟਾਉਣ ਦੀ ਕਾਰਵਾਈ ਨੂੰ ਅਸੰਵਧਾਨਿਕ ਘੋਸ਼ਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਗਿਆਨੀ ਰਘਬੀਰ ਸਿੰਘ ਨੇ ਅਦਾਲਤ ਵਿੱਚ ਇਹ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਦਿਨੀ ਉਨ੍ਹਾਂ ਦੀ ਵਿਦੇਸ਼ ਯਾਤਰਾ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਗਈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਵਿੱਤੀ ਨੁਕਸਾਨ ਝੱਲਣਾ ਪਿਆ ਹੈ।

ਅਕਾਲ ਤਖ਼ਤ ਤੋਂ ਹਟਾਏ ਜਾਣ ਤੋਂ ਬਾਅਦ ਵਧੀ ਕਸ਼ਮਕਸ਼

ਯਾਦ ਰਹੇ ਕਿ ਗਿਆਨੀ ਰਘਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੂੰ ਵੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਜਿਸਦਾ ਕਾਰਨ ਅਣਮਿਆਰੀ ਅਗਵਾਈ ਅਤੇ ਪੰਥਕ ਇਕਜੁੱਟਤਾ ਦੀ ਕਮਜ਼ੋਰੀ ਦੱਸਿਆ ਗਿਆ ਸੀ। ਉਹਨਾਂ ਦੀ ਥਾਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਮਜ਼ਦ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਸਥਾਈ ਜਥੇਦਾਰ ਨਿਯੁਕਤ ਕੀਤਾ ਗਿਆ ਸੀ। ਜਥੇਦਾਰੀ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਗਿਆਨੀ ਰਘਬੀਰ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਅਹੁਦੇ ਨੂੰ ਲੈ ਕੇ ਅਦਾਲਤ ’ਚ ਜਾਣਾ SGPC ਅਤੇ ਧਾਰਮਿਕ ਅਦਾਰਿਆਂ ਵਿਚ ਨਵਾਂ ਸੰਘਰਸ਼ ਉਤਪੰਨ ਕਰ ਸਕਦਾ ਹੈ।

ਧਾਰਮਿਕ ਅਹੁਦਾ ਸੰਸਾਰੀ ਵਿਵਾਦਾਂ ’ਚ ਨਾ ਘਸੀਟੋ – ਸਰਨਾ ਵੱਲੋਂ ਨਿੰਦਿਆ

ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰਘਬੀਰ ਸਿੰਘ ਵੱਲੋਂ ਅਦਾਲਤ ਵੱਲ ਰੁਖ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਪਵਿੱਤਰ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਧਾਰਮਿਕ ਮਰਯਾਦਾ ਅਤੇ ਇਤਿਹਾਸਕ ਸੰਵੇਦਨਾ ਦੀ ਪੂਰੀ ਸਮਝ ਹੋਣੀ ਚਾਹੀਦੀ ਹੈ। ਅਦਾਲਤ ਦਾ ਰੁਖ ਅਖਤਿਆਰ ਕਰਕੇ ਗਿਆਨੀ ਰਘਬੀਰ ਸਿੰਘ ਨੇ ਨਾ ਸਿਰਫ਼ ਹੈੱਡ ਗ੍ਰੰਥੀ ਵਰਗੇ ਪਵਿੱਤਰ ਅਹੁਦੇ ਨੂੰ ਵਿਵਾਦ ਵਿੱਚ ਘਸੀਟਿਆ ਹੈ ਸਗੋਂ ਆਪਣੇ ਉੱਚ ਅਹੁਦੇ ਨੂੰ ਵੀ ਠੇਸ ਪਹੁੰਚਾਈ ਹੈ।

ਸਰਨਾ ਨੇ ਯਾਦ ਕਰਵਾਇਆ ਕਿ ਇਸੇ ਅਹੁਦੇ ’ਤੇ ਕਦੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਸਿੱਖ ਸੇਵਕਾਂ ਨੇ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਸ਼ਖ਼ਸੀਅਤਾਂ ਦੀਆਂ ਕੁਰਬਾਨੀਆਂ ਅਤੇ ਸੇਵਾਵਾਂ ਦੇ ਰੂਪ ਵਿਚ ਜੋ ਮਰਯਾਦਾ ਬਣੀ ਉਸ ਨੂੰ ਸੰਸਾਰੀ ਝਗੜਿਆਂ ਵਿੱਚ ਘਸੀਟਣਾ ਨਿੰਦਨਯੋਗ ਹੈ।

ਸਰਨਾ ਨੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ’ਤੇ ਤੁਰੰਤ ਧਿਆਨ ਦੇਣ ਅਤੇ ਸੰਭਾਵਿਤ ਵਿਵਾਦ ਨੂੰ ਪੰਥਕ ਢੰਗ ਨਾਲ ਸੁਲਝਾਉਣ ਲਈ ਕਦਮ ਚੁੱਕਣ।

SGPC ਨੇ ਚੁੱਪ ਧਾਰੀ ਪਰ ਵਿਵਾਦ ਚਰਮ ਸੀਮਾ ‘ਤੇ

SGPC ਵੱਲੋਂ ਹਾਲੇ ਤੱਕ ਇਸ ਪਟੀਸ਼ਨ ਤੇ ਕੋਈ ਸਰਕਾਰੀ ਟਿੱਪਣੀ ਸਾਹਮਣੇ ਨਹੀਂ ਆਈ। ਹਾਲਾਂਕਿ ਸੂਤਰਾਂ ਅਨੁਸਾਰ ਕਮੇਟੀ ਇਹ ਮੰਨਦੀ ਹੈ ਕਿ ਗੁਰਮਤਿ ਅਹੁਦੇ ਧਾਰਮਿਕ ਮਰਯਾਦਾ ਦੇ ਅਧੀਨ ਹਨ ਅਤੇ ਇਨ੍ਹਾਂ ’ਤੇ ਸੰਸਾਰੀ ਅਦਾਲਤਾਂ ਦੀ ਦਖ਼ਲਅੰਦਾਜ਼ੀ ਪੰਥਕ ਪ੍ਰਣਾਲੀ ’ਤੇ ਅਸਰ ਪਾ ਸਕਦੀ ਹੈ। ਇਹ ਮਾਮਲਾ ਹੁਣ ਨਾ ਸਿਰਫ਼ SGPC ਦੀ ਅੰਦਰੂਨੀ ਕਾਰਵਾਈ ਦਾ ਰਿਹਾ ਹੈ ਸਗੋਂ ਪੰਥਕ ਮਰਯਾਦਾ, ਅਹੁਦਿਆਂ ਦੀ ਪਵਿੱਤਰਤਾ ਅਤੇ ਸੰਸਾਰਿਕ ਨਿਆਂਇਕ ਪ੍ਰਣਾਲੀ ਵਿਚ ਧਾਰਮਿਕ ਸਥਾਨਾਂ ਦੀ ਭੂਮਿਕਾ ਸੰਬੰਧੀ ਚਰਚਾ ਦਾ ਕੇਂਦਰ ਬਣ ਗਿਆ ਹੈ।

ਉਧਰ ਗਿਆਨੀ ਰਘਬੀਰ ਸਿੰਘ ਵੱਲੋਂ ਆਪਣੇ ਅਹੁਦੇ ਲਈ ਦੁਨਿਆਵੀ ਅਦਾਲਤ ਵਿੱਚ ਜਾਣ ਦੀ ਸਿੱਖ ਬੁੱਧੀਜੀਵੀਆਂ ਅਤੇ ਰਾਜਨੀਤਕ ਆਗੂਆਂ ਨੇ ਪੰਥਕ ਪ੍ਰੰਪਰਾਵਾਂ ਦੀ ਉਲ਼ੰਘਣਾ ਕਰਾਰ ਦਿੰਦਿਆਂ ਇਸ ਕਦਮ ਦੀ ਸਖ਼ਤ ਨਿੰਦਾ ਕੀਤੀ ਹੈ।

error: Content is protected !!