ਚੰਡੀਗੜ੍ਹ 24 ਮਈ 2024 (ਫਤਿਹ ਪੰਜਾਬ) ਉੱਤਰ ਭਾਰਤ ‘ਚ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਹੈ ਜਿਸ ਕਰਕੇ ਮੌਸਮ ਵਿਭਾਗ ਵੱਲੋ ਪੰਜਾਬ ‘ਚ ਗਰਮੀ ਨੂੰ ਲੈਕੇ ਰੈੱਡ ਅਲਰਟ hot weather red alert ਜਾਰੀ ਕੀਤਾ ਗਿਆ ਹੈ ਤੇ ਪੰਜਾਬ ਵਿੱਚ ਗਰਮੀ ਦਾ ਕਹਿਰ ਆਉਂਦੇ ਦਿਨੀਂ ਵੀ ਜਾਰੀ ਰਹੇਗਾ।
ਮੌਸਮ ਵਿਭਾਗ ਦੇ ਮੁਤਾਬਕ ਵੱਧਦੀ ਗਰਮੀ ਇਸ ਵਾਰ ਵੱਟ ਕੱਢੇਗੀ। weather update ਅਗਲੇ ਕੁਝ ਦਿਨ ਹੀਟ ਵੇਵ ਦਾ ਪ੍ਰਕੋਪ ਜਾਰੀ ਰਹੇਗਾ। ਇਸ ਵਾਰ ਗਰਮੀ ਨੇ 54 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਮੌਸਮ ਵਿਭਾਗ ਨੇ ਅਗਲੇ 3 ਦਿਨ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਹੀਟ ਵੇਵ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਕਿ ਜ਼ਰੂਰੀ ਕੰਮ ਲਈ ਹੀ ਬਾਹਰ ਨਿੱਕਲੋ।
ਮੌਸਮ ਵਿਭਾਗ ਨੇ 24, 25 ਤੇ 26 ਮਈ ਨੂੰ ਅਤਿ ਦੀ ਗਰਮੀ ਪੈਣ ਸਬੰਧੀ ‘ਰੈੱਡ ਅਲਰਟ’ ਜਾਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਪੰਜਾਬ ਦਾ ਲੁਧਿਆਣਾ ਸਭ ਤੋਂ ਗਰਮ ਸ਼ਹਿਰ ਰਿਹਾ ਜਿਥੇ ਵੱਧ ਤੋਂ ਵੱਧ ਤਾਪਮਾਨ 44.4 ਡਿਗਰੀ ਸੈਲਸੀਅਸ ਦਰਜ ਕੀਤਾ ਹੈ।
ਪਿਛਲੇ ਕਈ ਦਿਨਾਂ ਤੋਂ ਲੂ ਚੱਲਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਇਸੇ ਤਰ੍ਹਾਂ ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕੌਮ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਬਿਜਲੀ ਦੀ ਮੰਗ 10,500 ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ। ਬਿਜਲੀ ਦੀ ਮੰਗ ਵਧਣ ਕਰਕੇ ਸੂਬੇ ਵਿੱਚ ਕਈ ਥਾਵਾਂ ’ਤੇ ਬਿਜਲੀ ਦੇ ਕੱਟ ਵੀ ਲੱਗਣ ਲੱਗ ਪਏ ਹਨ।
ਗਰਮੀ ਵਧਣ ਕਾਰਨ ਸਬਜ਼ੀ, ਫਲ ਤੇ ਫੁੱਲ ਕਾਸ਼ਤਕਾਰਾਂ ਦੀਆਂ ਮੁਸ਼ਕਲਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਇਹ ਪੂਰਾ ਹਫ਼ਤਾ ਗਰਮੀ ਤੋਂ ਰਾਹਤ ਨਹੀਂ ਮਿਲੇਗੀ।