ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਵੀ ਠੇਕੇ ਨਹੀਂ ਖੁੱਲਣਗੇ – ਸਿਬਿਨ ਸੀ

ਚੰਡੀਗੜ੍ਹ, 28 ਮਈ 2024 (ਫਤਿਹ ਪੰਜਾਬ) ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 1 ਜੂਨ, 2024 ਸ਼ਨੀਵਾਰ ਨੂੰ ਵੋਟਿੰਗ ਵਾਲੇ ਦਿਨ ਵੋਟਾਂ ਪਾਉਣ ਲਈ ਪੰਜਾਬ ਵਿੱਚ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ 30-05-2024 ਤੋਂ 01-06-2024 ਅਤੇ 04-06-2024 ਨੂੰ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਡ੍ਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ।

ਹੋਰ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ/ ਵਿੱਦਿਅਕ ਅਦਾਰਿਆਂ ਲਈ ਲਈ ਮਿਤੀ 01.06.2024 ਸ਼ਨੀਵਾਰ ਨੂੰ ਗਜ਼ਟਿਡ ਛੁੱਟੀ ਰਹੇਗੀ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ-1881 ਅਧੀਨ ਵੀ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਲੋਕ ਪ੍ਰਤਿਨਿਧਤਾ ਕਾਨੂੰਨ ਦੀ ਧਾਰਾ 135ਬੀ (1) ਮੁਤਾਬਿਕ 01-06-2024 ਨੂੰ ਅਦਾਇਗੀਯੋਗ ਛੁੱਟੀ ਐਲਾਨੀ ਗਈ ਹੈ। ਇਸ ਸਬੰਧੀ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ 1 ਜੂਨ ਨੂੰ ਵੋਟਿੰਗ ਦੇ ਮੱਦੇਨਜ਼ਰ 30-05-2024 ਵੀਰਵਾਰ ਨੂੰ ਸ਼ਾਮ ਪੰਜ ਵਜੇ ਤੋਂ 01-06-2024 ਸ਼ਨਿਵਾਰ ਨੂੰ ਸ਼ਾਮ 7 ਵਜੇ ਤੱਕ ਡ੍ਰਾਈ ਡੇਅ ਰਹੇਗਾ। ਇਸ ਤੋਂ ਇਲਾਵਾ ਨਤੀਜਿਆਂ ਵਾਲੇ ਦਿਨ 04-06-2024 ਮੰਗਲਵਾਰ ਨੂੰ ਵੀ ਸੂਬੇ ਵਿੱਚ ਡ੍ਰਾਈ ਡੇਅ ਐਲਾਨਿਆ ਗਿਆ ਹੈ।

ਸਿਬਿਨ ਸੀ ਨੇ ਕਿਹਾ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ। ਉਨ੍ਹਾਂ ਅੱਗੇ ਵੋਟਰਾਂ ਨੂੰ ਵੱਧ ਚੜ੍ਹ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕਤੰਤਰ ਦੇ ਇਸ ਸੱਭ ਤੋਂ ਵੱਡੇ ਤਿਉਹਾਰ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਤਾਂ ਜੋ ਚੋਣ ਕਮਿਸ਼ਨ ਦੇ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਹਾਸਲ ਕੀਤਾ ਜਾ ਸਕੇ।

Skip to content