Skip to content

ਤਲਾਕਸ਼ੁਦਾ ‘ਇੰਸਟਾ ਕਵੀਨ’ ਦੇ 14 ਸਾਲਾਂ ਦੀ ਸੇਵਾ ਦੌਰਾਨ 31 ਤਬਾਦਲੇ ਤੇ 2 ਵਾਰ ਹੋਈ ਮੁਅੱਤਲ

ਚੰਡੀਗੜ੍ਹ, 6 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) – ਮਾਨਸਾ ਵਿਖੇ ਤਾਇਨਾਤ ਪੰਜਾਬ ਪੁਲਿਸ ਦੀ ਸੀਨੀਅਰ ਸਿਪਾਹੀ ਅਮਨਦੀਪ ਕੌਰ, ਜੋ ਕਿ ਅਸਥਾਈ ਤੌਰ ‘ਤੇ ਬਠਿੰਡਾ ਪੁਲਿਸ ਲਾਈਨਜ਼ ਲੱਗੀ ਹੋਈ ਸੀ, ਨੂੰ ਬੀਤੇ 2 ਅਪ੍ਰੈਲ ਨੂੰ ਬਠਿੰਡਾ ਦੀ ਬਾਦਲ ਰੋਡ ‘ਤੇ ਰੂਟੀਨ ਚੈਕਿੰਗ ਦੌਰਾਨ ਉਸਦੀ ਕਾਲੀ ਮਹਿੰਦਰਾ ਥਾਰ ਦੇ ਗੀਅਰ ਬਾਕਸ ਨੇੜੇ ਲੁਕਾਈ 17.71 ਗ੍ਰਾਮ ਹੀਰੋਇਨ ਬਰਾਮਦ ਹੋਣ ਤੋਂ ਬਾਅਦ NDPS ਕਾਨੂੰਨ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਰੋਕੇ ਜਾਣ ‘ਤੇ ਭੱਜਣ ਦੀ ਅਸਫਲ ਕੋਸ਼ਿਸ਼ ਕੀਤੀ ਪਰ ਬਠਿੰਡਾ ਪੁਲਿਸ ਅਤੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਦੀ ਸੰਯੁਕਤ ਕਾਰਵਾਈ ਦੌਰਾਨ ਨੂੰ ਮੌਕੇ ਉੱਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।
ਸੋਸ਼ਲ ਮੀਡੀਆ ‘ਤੇ ਆਪਣੀ ਚਮਕ ਦਮਕ ਵਾਲੀ ਮੌਜੂਦਗੀ ਕਾਰਨ ‘ਇੰਸਟਾਗ੍ਰਾਮ ਕਵੀਨ’ ਵਜੋਂ ਮਸ਼ਹੂਰ ਅਮਨਦੀਪ ਨੂੰ ਮਾਨਸਾ ਐਸਐਸਪੀ ਭਗੀਰਥ ਮੀਨਾ ਦੁਆਰਾ ਆਰਟੀਕਲ 311 ਅਧੀਨ ਤੁਰੰਤ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।
ਅਮਨਦੀਪ ਕੌਰ ਨੂੰ ਪੁਲਿਸ ਦੀ ਗਹਿਨ ਜਾਂਚ ਤੇਜ਼ ਲਈ ਅਦਾਲਤ ਵੱਲੋਂ ਦੋ ਹੋਰ ਦਿਨਾਂ ਦੇ ਰਿਮਾਂਡ ‘ਤੇ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਉਸਨੂੰ ਉਸਦੇ ਮੋਬਾਈਲ ਨੰਬਰਾਂ, ਜਾਇਦਾਦਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਲਈ ਤਿੰਨ ਦਿਨ ਦਾ ਰਿਮਾਂਡ ਦਿੱਤਾ ਗਿਆ ਸੀ। ਜਾਇਦਾਦ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਉਸ ਕੋਲ ਇੱਕ ਮਹਿੰਦਰਾ ਥਾਰ, ਇੱਕ ਔਡੀ, ਦੋ ਇਨੋਵਾ ਗੱਡੀਆਂ, ਇੱਕ ਬੁਲਟ ਮੋਟਰਸਾਈਕਲ, ਫ਼ਿਰੋਜ਼ਪੁਰ ਰੋਡ ‘ਤੇ ਲਗਭਗ 2 ਕਰੋੜ ਰੁਪਏ ਦੀ ਕੋਠੀ ਅਤੇ ਇੱਕ ਕੀਮਤੀ ਪਲਾਟ ਵੀ ਹੈ, ਜਿਨ੍ਹਾਂ ਦੀ ਗੈਰ-ਕਾਨੂੰਨੀ ਖਰੀਦ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰੀ ਦੌਲਤ ਉਸਦੀ ਤਨਖਾਹ ਨਾਲ ਹਾਸਲ ਕਰਨਾ ਨਾਮੁਮਕਿਨ ਹੈ।

ਬਾਰ-ਬਾਰ ਤਬਾਦਲੇ ਅਤੇ ਮੁਅੱਤਲੀ
ਉਪਲਬਧ ਜਾਣਕਾਰੀ ਅਨੁਸਾਰ, ਅਮਨਦੀਪ ਕੌਰ 26 ਨਵੰਬਰ 2011 ਨੂੰ ਪੁਲਿਸ ਵਿੱਚ ਭਰਤੀ ਹੋਈ ਸੀ ਅਤੇ ਉਸ ਦੇ ਆਪਣੀ 14 ਸਾਲ ਦੀ ਸੇਵਾ ਦੌਰਾਨ 31 ਵਾਰ ਤਬਾਦਲੇ ਹੋਏ ਅਤੇ ਦੋ ਵਾਰ ਮੁਅੱਤਲੀ ਹੋਈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਲੰਬੇ ਸਮੇਂ ਤੋਂ ਫ਼ਿਰੋਜ਼ਪੁਰ ਤੋਂ ਲਿਆ ਕੇ ਹੀਰੋਇਨ ਸਪਲਾਈ ਕਰ ਰਹੀ ਸੀ ਅਤੇ ਪੁਲਿਸ ਦੇ ਸ਼ਨਾਖ਼ਤੀ ਕਾਰਡਾਂ ਦੀ ਵਰਤੋਂ ਕਰਕੇ ਚੈਕਪੋਸਟਾਂ ‘ਤੇ ਫੜੇ ਜਾਣ ਤੋਂ ਬਚਦੀ ਰਹੀ। ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਕਈ ਲੋਕਾਂ ਨੇ ਉਸਦੇ ਖਿਲਾਫ਼ ਸ਼ਿਕਾਇਤਾਂ ਕੀਤੀਆਂ ਸਨ, ਪਰ ਉਸਦੇ ਉੱਚ-ਪੱਧਰੀ ਸੰਪਰਕਾਂ ਕਾਰਨ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਹੁਣ ਸਿਰਫ਼ ਇੱਕ ਨਸ਼ਾ ਤਸਕਰ ਦੀ ਕਹਾਣੀ ਨਾ ਰਹਿ ਕੇ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਦੇ ਇੱਕ ਵੱਡੇ ਨੈਟਵਰਕ ਦੀ ਗੰਭੀਰ ਸਮੱਸਿਆ ਨੂੰ ਉਜਾਗਰ ਕਰ ਰਿਹਾ ਹੈ।

ਵਿਵਾਦਪੂਰਨ ਨਿੱਜੀ ਜੀਵਨ
ਆਪਣੇ ਪਤੀ ਨਾਲ ਤਲਾਕ ਤੋਂ ਬਾਅਦ, ਸਾਲ 2020 ਦੌਰਾਨ ਅਮਨਦੀਪ ਇੱਕ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਸੋਨੂੰ ਦੇ ਸੰਪਰਕ ਵਿੱਚ ਆ ਗਈ ਸੀ। ਬੀਤੀ 3 ਅਪ੍ਰੈਲ ਨੂੰ ਜਦੋਂ ਅਮਨਦੀਪ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਤਾਂ ਉੱਥੇ ਮੌਜੂਦ ਸੋਨੂੰ ਨੇ ਅਦਾਲਤ ਕੰਪਲੈਕਸ ਵਿੱਚ ਉਸਦਾ ਵਿਰੋਧ ਕਰਨ ਪਹੁੰਚੀ ਆਪਣੀ ਪਤਨੀ ਦੇ ਥੱਪੜ ਮਾਰੇ ਅਤੇ ਖੁਦ ਫਰਾਰ ਹੋ ਗਿਆ। ਅਮਨਦੀਪ ਨਾਲ ਇਸ ਮੁਕੱਦਮੇ ਵਿੱਚ ਨਾਮਜ਼ਦ ਹੋਣ ਦੇ ਬਾਵਜੂਦ ਉਹ ਅਜੇ ਵੀ ਫਰਾਰ ਹੈ। ਇਸ ਦੌਰਾਨ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਉਸਦਾ ਪਤੀ ਅਮਨਦੀਪ ਕੌਰ ਨਾਲ ਮਿਲ ਕੇ ਐਂਬੂਲੈਂਸ ਰਾਹੀਂ ਨਸ਼ੇ ਵੇਚਦਾ ਸੀ। ਗੁਰਮੀਤ ਦੇ ਅਨੁਸਾਰ, ਅਮਨਦੀਪ ਕਦੇ-ਕਦਾਈਂ ਹੀ ਡਿਊਟੀ ‘ਤੇ ਜਾਂਦੀ ਸੀ ਅਤੇ ਹੀਰੋਇਨ ਖਰੀਦਣ ਲਈ ਬਲਵਿੰਦਰ ਨਾਲ ਜਾਣ ਲਈ “ਮੈਡੀਕਲ ਛੁੱਟੀ” ਲੈ ਲੈਂਦੀ ਸੀ।

ਸਾਦਾ ਪਰਿਵਾਰਕ ਪਿਛੋਕੜ ਬਨਾਮ ਫੈਸ਼ਨੇਬਲ ਜੀਵਨ
ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਅਮਨਦੀਪ ਦਾ ਜੀਵਨ ਥੋੜੇ ਜਿਹੇ ਸਮੇਂ ਦੌਰਾਨ ਅਚਾਨਕ ਬਦਲ ਗਿਆ ਜਦੋਂ ਕਿ ਉਸਦਾ ਪਰਿਵਾਰ ਅਜੇ ਵੀ ਸੰਘਰਸ਼ ਕਰ ਰਿਹਾ ਹੈ। ਅਮਨਦੀਪ ਦਾ ਪਿਤਾ ਇੱਕ ਮਿਸਤਰੀ ਹੈ ਅਤੇ ਭਰਾ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਹੈ। ਉਸਦੀ ਇੱਕ ਭੈਣ ਵੀ ਹੈ ਜੋ ਵਿਆਹੀ ਹੋਈ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਰਿਵਾਰ ਅਜੇ ਵੀ ਪਹਿਲਾਂ ਵਾਲੀ ਹਾਲਤ ਵਿੱਚ ਹੀ ਰਹਿ ਰਿਹਾ ਹੈ ਜਦਕਿ ਅਮਨਦੀਪ ਦੀ ਜ਼ਿੰਦਗੀ ਕੁੱਝ ਸਾਲਾਂ ਦੌਰਾਨ ਹੀ ਪੂਰੀ ਤਰ੍ਹਾਂ ਬਦਲ ਗਈ। ਰਿਪੋਰਟਾਂ ਅਨੁਸਾਰ ਉਸਨੇ ਪਰਿਵਾਰ ਨਾਲ ਕਾਫੀ ਸਮਾਂ ਪਹਿਲਾਂ ਹੀ ਸੰਬੰਧ ਤੋੜ ਲਏ ਸਨ।

‘ਇੰਸਟਾ ਕਵੀਨ’ ਵਜੋਂ ਸੀ ਮਸ਼ਹੂਰ
ਉਸਦੇ ਇੰਸਟਾਗ੍ਰਾਮ ਪ੍ਰੋਫਾਈਲ ਵਿੱਚ ਡਿਜ਼ਾਈਨਰ ਕੱਪੜੇ, ਗੁੱਚੀ ਦੀਆਂ ਐਨਕਾਂ, ਰੋਲੈਕਸ ਘੜੀਆਂ ਅਤੇ ਪ੍ਰੀਮੀਅਮ ਗੱਡੀਆਂ ਦੇ ਸੰਗ੍ਰਹਿ ਵਰਗੀ ਫੈਸ਼ਨੇਬਲ ਜ਼ਿੰਦਗੀ ਦਿਖਾਈ ਦਿੰਦੀ ਹੈ।
ਇੰਸਟਾਗ੍ਰਾਮ ‘ਤੇ ‘ਪੁਲਿਸ_ਕੌਰਦੀਪ’ ਦੇ ਨਾਮ ਨਾਲ ਬਣਾਏ ਹੈਂਡਲ ਉੱਤੇ ਉਸਦੇ 30,000 ਤੋਂ ਵੱਧ ਫੋਲੋਵਰਸ ਹਨ। ਉਸਦੇ ਪ੍ਰੋਫਾਈਲ ‘ਤੇ 300 ਤੋਂ ਵੱਧ ਰੀਲਜ਼ ਹਨ ਜਿਨ੍ਹਾਂ ਨੂੰ ਫਿਲਟਰਾਂ ਨਾਲ ਐਡਿਟ ਕਰਕੇ ਉਸਦੀ ਅਸਲ ਉਮਰ ਛੁਪਾਈ ਜਾਂਦੀ ਸੀ। ਹੁਣ ਇਸ ਪ੍ਰੋਫਾਈਲ ਦੇ ਫੋਲੋਵਰਸ 42,000 ਤੱਕ ਪਹੁੰਚ ਗਏ ਹਨ।
ਅਮਨਦੀਪ ਕੌਰ ਆਪਣੀਆਂ ਰੀਲਜ਼ ਵਿੱਚ ਮਹਿੰਗੀਆਂ ਐਕਸੈਸਰੀਜ਼, ਬ੍ਰਾਂਡੇਡ ਹੈਂਡਬੈਗਾਂ ਅਤੇ ਆਪਣੇ ਸ਼ਿਹ ਟਜ਼ੂ ਕੁੱਤੇ ਨੂੰ ਡਿਜ਼ਾਈਨਰ ਪੋਸ਼ਾਕਾਂ ਵਿੱਚ ਦਿਖਾਉਂਦੀ ਸੀ। ਪਰ ਹੁਣ ਇੰਸਟਾਗ੍ਰਾਮ ‘ਤੇ ਟਿੱਪਣੀਆਂ ਵਿੱਚ ਸਿਰਫ਼ ਉਸਦੇ ਕੰਮਾਂ ਬਾਰੇ ਹੀ ਨਹੀਂ ਸਗੋਂ ਪੰਜਾਬ ਪੁਲਿਸ ਦੇ ਖਿਲਾਫ਼ ਵੀ ਸਵਾਲ ਉਠ ਰਹੇ ਹਨ।
ਪਤਾ ਲੱਗਿਆ ਹੈ ਕਿ ਪਿਛਲੇ ਤਿੰਨ ਸਾਲਾਂ ਤੋਂ ਕਈ ਲੋਕਾਂ ਨੇ ਪੰਜਾਬ ਸਰਕਾਰ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਕੋਲ ਉਸਦੇ ਰਹਿਣ ਸਹਿਣ ਤੇ ਕੰਮਾਂ ਖਿਲਾਫ਼ ਸ਼ਿਕਾਇਤਾਂ ਕੀਤੀਆਂ ਸਨ ਪਰ ਉਹ ਆਪਣੇ “ਉੱਚ-ਪੱਧਰੀ ਸੰਪਰਕਾਂ” ਕਾਰਨ ਜਾਂਚ ਤੋਂ ਬਚਦੀ ਰਹੀ।

ਵਿਆਹੁਤਾ ਜੀਵਨ ਤੇ ਉੱਚ-ਪੱਧਰੀ ਸੰਪਰਕ
ਅਮਨਦੀਪ ਦਾ ਵਿਆਹੁਤਾ ਜੀਵਨ ਖ਼ਰਾਬ ਰਿਹਾ ਤੇ ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਝਗੜੇ ਸ਼ੁਰੂ ਹੋ ਗਏ।ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਸਦੇ ਕੁੱਝ ਆਈਪੀਐਸ ਅਧਿਕਾਰੀਆਂ ਨਾਲ ਨਜ਼ਦੀਕੀ ਸੰਬੰਧ ਸੀ ਜਿਨ੍ਹਾਂ ਨਾਲ ਉਸਨੇ ਆਪਣੀ ਗ੍ਰਿਫਤਾਰੀ ਦੇ ਦੌਰਾਨ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਵੱਡੇ ਅਧਿਕਾਰੀਆਂ ਨਾਲ ਆਪਣੇ ਸੰਬੰਧਾਂ ਨੂੰ ਸਾਬਤ ਕਰਨ ਲਈ ਵਟਸਐਪ ਚੈਟਾਂ ਅਤੇ ਫੋਟੋਆਂ ਵੀ ਦਿਖਾਈਆਂ।

ਪਿਛਲੇ ਵਿਵਾਦ
ਕਰੀਬ ਤਿੰਨ ਸਾਲ ਪਹਿਲਾਂ ਗੁਰਮੀਤ ਕੌਰ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਐਸਐਸਪੀ ਦਫ਼ਤਰ ਬਠਿੰਡਾ ਵਿੱਚ ਅਮਨਦੀਪ ਫਿਨਾਇਲ ਪੀ ਕੇ ਸੁਰਖੀਆਂ ਵਿੱਚ ਆਈ ਸੀ। ਉਸ ਉੱਤੇ ਸੋਨੂੰ ਨਾਲ ਮਿਲ ਕੇ ਸਿਵਲ ਹਸਪਤਾਲ ਬਠਿੰਡਾ ਵਿੱਚ ਡਾਕਟਰਾਂ ਅਤੇ ਨਰਸਾਂ ਨਾਲ ਦੁਰਵਿਵਹਾਰ ਕਰਨ ਦਾ ਵੀ ਦੋਸ਼ ਲੱਗਾ ਸੀ ਜਿਸ ਕਾਰਨ ਸਟਾਫ ਨੇ ਹੜਤਾਲ ਕਰ ਦਿੱਤੀ ਸੀ। ਉਸ ਸਮੇਂ ਦੋਵਾਂ ਖਿਲਾਫ ਕੇਸ ਵੀ ਦਰਜ ਹੋਇਆ ਸੀ ਅਤੇ ਗ੍ਰਿਫ਼ਤਾਰੀ ਵੀ ਹੋਈ ਸੀ।

ਪੁਲਿਸ ਵੱਲੋਂ ਜਾਇਦਾਦਾਂ ਦੀ ਜਾਂਚ ਜਾਰੀ
ਪੁਲਿਸ ਨੇ ਉਸਦੀ ਗ੍ਰਿਫਤਾਰੀ ਦੇ ਸਮੇਂ ਇੱਕ ਆਈਫੋਨ ਅਤੇ ਵੀਵੋ ਫੋਨ ਵੀ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਅਧਿਕਾਰੀਆਂ ਨੂੰ ਕੁਝ ਮਹਿੰਗੀਆਂ ਚੀਜ਼ਾਂ ਦੇ ਵੇਰਵੇ ਮਿਲੇ ਹਨ ਜਿਨ੍ਹਾਂ ਬਾਰੇ ਅਮਨਦੀਪ ਦਾ ਦਾਅਵਾ ਹੈ ਕਿ ਇਹ ਉਸਨੂੰ ਜਾਣਕਾਰਾਂ ਵੱਲੋਂ ਤੋਹਫ਼ੇ ਵਜੋਂ ਮਿਲੀਆਂ ਸਨ। ਮੌਜੂਦਾ ਜਾਂਚ ਦਾ ਟੀਚਾ ਉਸਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਕਾਰਜਾਂ ਦੀ ਪੂਰੀ ਹੱਦ ਦਾ ਪਤਾ ਲਗਾਉਣਾ ਹੈ। ਅਧਿਕਾਰੀ ਉਮੀਦ ਜ਼ਾਹਿਰ ਕਰ ਰਹੇ ਹਨ ਕਿ ਅਮਨਦੀਪ ਕੌਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਰ ਵੀ ਕਈ ਵੱਡੇ ਨਾਮ ਸਾਹਮਣੇ ਆਉਣਗੇ। ਇਸ ਵੇਲੇ ਪੁਲਿਸ ਉਸਦੇ ਸੰਪਰਕਾਂ ਅਤੇ ਸਹਿਯੋਗੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ।

error: Content is protected !!