ਲੋਕ ਸਭਾ ‘ਚ ਮੂਸੇਵਾਲਾ ਕਤਲ ਕਾਂਡ ਨੂੰ ਉਠਾਉਣ ਬਾਰੇ ਰਾਜਾ ਵੜਿੰਗ ਦੇ ਇਰਾਦੇ ‘ਤੇ ਵੀ ਸਵਾਲ ਚੁੱਕੇ

ਜਲੰਧਰ 3 ਜੁਲਾਈ 2024 (ਫਤਿਹ ਪੰਜਾਬ) ਭਗਵੰਤ ਮਾਨ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ‘ਤੇ ਲਗਾਏ ਗਏ ਗੰਭੀਰ ਦੋਸ਼ਾਂ ਨੂੰ ਲੈ ਕੇ ਮੁੱਖ ਮੰਤਰੀ ‘ਤੇ ਹਮਲਾ ਕਰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸਮਾਂਬੱਧ ਤਰੀਕੇ ਨਾਲ ਸੱਚਾਈ ਦਾ ਪਤਾ ਲਗਾਉਣ ਲਈ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਜਾਖੜ ਨੇ ਬੁੱਧਵਾਰ ਨੂੰ ਜਲੰਧਰ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸ਼ੀਤਲ ਅੰਗੁਰਾਲ ਨੇ ਉਹ ਕੰਮ ਕੀਤਾ ਹੈ ਜੋ ਕਾਂਗਰਸ ਦੇ ਸਾਰੇ ਵਿਧਾਇਕ ਆਪਣੀਆਂ ਭ੍ਰਿਸ਼ਟਾਚਾਰ ਨਾਲ ਜੁੜੇ ਅਤੀਤ ਕਾਰਨ ਕਰਨ ਦੀ ਹਿੰਮਤ ਨਹੀਂ ਕਰ ਸਕੇ।

ਉਨ੍ਹਾਂ ਮੁੱਖ ਮੰਤਰੀ ਤੇ ਭ੍ਰਿਸ਼ਟਾਚਾਰ ਦੇ ਲੱਗੇ ਇਨ੍ਹਾਂ ਦੋਸ਼ਾਂ ਦਾ ਹਵਾਲਾ ਦਿੰਦੇ ਹੋਏ ਇਹ ਵੀ ਟਵੀਟ ਕੀਤਾ ਸੀ, “ਜਿਵੇਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਤੇ ਗੰਭੀਰ ਦੋਸ਼ ਲਗਾਏ ਗਏ ਹਨ, ਮੁੱਖ ਮੰਤਰੀ ਸ਼ @ਭਗਵੰਤ ਮਾਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਨਤਕ ਜੀਵਨ ਵਾਲੇ ਆਗੂਆਂ ਦੀ ਪਤਨੀ ਅਜਿਹੇ ਕਿਸੇ ਵੀ ਦੋਸ਼ਾਂ ਤੋਂ ਮੁਕਤ ਹੋਣੀ ਚਾਹੀਦੀ ਹੈ !”

ਜਾਖੜ ਨੇ ਪਿਛਲੇ ਢਾਈ ਸਾਲਾਂ ਦੇ ਕੁਸ਼ਾਸਨ ਵਿੱਚ ਸੂਬੇ ਨੂੰ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਧਸਣ ਲਈ ‘ਆਪ’ ਲੀਡਰਸ਼ਿਪ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਹੁਣ ‘ਆਪ’ ਆਗੂਆਂ ਦੇ ਭ੍ਰਿਸ਼ਟ ਤਰੀਕਿਆਂ ਤੋਂ ਤੰਗ ਆ ਚੁੱਕੇ ਹਨ।

ਜਾਖੜ ਨੇ ਕਿਹਾ ਕਿ ਉਨ੍ਹਾਂ ਦਾ ਭ੍ਰਿਸ਼ਟਾਚਾਰ ਉੱਪਰੋਂ ਸ਼ੁਰੂ ਹੁੰਦਾ ਹੈ ਅਤੇ ਇਸੇ ਕਰਕੇ ਅੱਜ ਉਨ੍ਹਾਂ ਦੀ ਜ਼ਿਆਦਾਤਰ ਲੀਡਰਸ਼ਿਪ ਸਲਾਖਾਂ ਪਿੱਛੇ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਨ੍ਹਾਂ ਦੋਸ਼ਾਂ ਦਾ ਖੁਦ ਨੋਟਿਸ ਲੈਣ ਅਤੇ ਜਾਂਚ ਕਰਵਾਉਣ ਲਈ ਕਿਹਾ ਕਿਉਂਕਿ ਇਹ ਦੋਸ਼ ਉਨ੍ਹਾਂ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਤੇ ਲੱਗੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਇੱਜ਼ਤ ਦਾਅ ‘ਤੇ ਹੈ। 

ਮੀਡੀਆ ਦੇ ਸਵਾਲਾਂ ਦੇ ਜਵਾਬ ਵਿੱਚ ਜਾਖੜ ਨੇ ਕਿਹਾ ਕਿ ਵੜਿੰਗ ਨੇ ਮੂਸੇਵਾਲਾ ਲਈ ਇਨਸਾਫ਼ ਦਾ ਮੁੱਦਾ ਉਠਾ ਕੇ ਸਿਰਫ਼ ਇੱਕ ਰਸਮੀ ਕਾਰਵਾਈ ਕੀਤੀ ਹੈ ਕਿਉਂਕਿ ਕਾਂਗਰਸ ਆਗੂ ਖੁਦ ਜਾਣਦਾ ਹੈ ਕਿ ਕਾਨੂੰਨ ਵਿਵਸਥਾ ਰਾਜ ਸਰਕਾਰ ਦਾ ਵਿਸ਼ਾ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਗਠਜੋੜ ਵਿਚ ਸ਼ਾਮਿਲ ਆਪ ਪਾਰਟੀ ਦੀ ਸਰਕਾਰ ਤੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣਾ ਯਕੀਨੀ ਬਣਾਉਣ। 

ਜਾਖੜ ਨੇ ਕਿਹਾ ਕਿ ਵੜਿੰਗ ਨੇ ਪਿਛਲੇ ਢਾਈ ਸਾਲਾਂ ਤੋਂ ਚੁੱਪ ਕਿਉਂ ਧਾਰੀ ਹੋਈ ਸੀ ਅਤੇ ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉਠਾਉਣ ਦੀ ਹਿੰਮਤ ਕਿਉਂ ਨਹੀਂ ਕੀਤੀ। ਜਾਖੜ ਨੇ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਵਿੱਚ ਸਰਕਾਰ ਤੋਂ ਮਨੋਵਿਗਿਆਨ ਡਰ ਕਾਰਨ ਕੋਈ ਵੀ ਸਵਾਲ ਪੁੱਛਣ ਉਤੇ ਵੀ ਚੁਟਕੀ ਲਈ।

ਜਾਖੜ ਨੇ ਨਸ਼ਿਆਂ ਦੀ ਓਵਰਡੋਜ਼ ਨਾਲ ਲਗਾਤਾਰ ਹੋ ਰਹੀਆਂ ਮੌਤਾਂ ‘ਤੇ ਮੁੱਖ ਮੰਤਰੀ ਨੂੰ ਸੂਬੇ ‘ਚ ਫੈਲ ਰਹੇ ਨਸ਼ਿਆਂ ਦੇ ਕਾਰੋਬਾਰ ‘ਤੇ ਕਾਬੂ ਪਾਉਣ ‘ਚ ਨਾਕਾਮ ਰਹਿਣ ‘ਤੇ ਸਵਾਲ ਕੀਤਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਦੇ ਜਲੰਧਰ ਪੱਛਮੀ ਦੇ ਉਮੀਦਵਾਰ ਨੇ ਵੀ ਹੁਣ ਖੁੱਲ੍ਹ ਕੇ ਮੰਨਿਆ ਹੈ ਕਿ ਉਹ ਜਾਣਦਾ ਹੈ ਕਿ ਪੰਜਾਬ ਵਿੱਚ ਡਰੱਗ ਮਾਫੀਆ ਨੂੰ ਕੌਣ ਸਰਪ੍ਰਸਤੀ ਦਿੰਦਾ ਹੈ, ਪਰ ਅਫਸੋਸ ਸਿਰਫ਼ ਮੁੱਖ ਮੰਤਰੀ ਹੀ ਅਣਜਾਣ ਰਹਿਣਾ ਪਸੰਦ ਕਰਦੇ ਹਨ ਜਦਕਿ ਸਾਡੇ ਨੌਜਵਾਨ ਹਰ ਰੋਜ਼ ਮਰ ਰਹੇ ਹਨ।

ਉਨ੍ਹਾਂ ਕਿਹਾ ਕਿ ਬਠਿੰਡਾ ‘ਚ ਪਿਛਲੇ 8 ਦਿਨਾਂ ‘ਚ ਨਸ਼ੇ ਦੀ ਓਵਰਡੋਜ਼ ਕਾਰਨ 4 ਮੌਤਾਂ ਹੋ ਚੁੱਕੀਆਂ ਹਨ ਅਤੇ ਇਸ ਤੋਂ ਪਹਿਲਾਂ 14 ਦਿਨਾਂ ‘ਚ 14 ਮੌਤਾਂ ਹੋਣ ਦੀ ਖਬਰ ਆਈ ਸੀ, ਪਰ ਫਿਰ ਵੀ ਇਹ ਸਰਕਾਰ ਜਾਗਣ ‘ਚ ਅਸਫਲ ਰਹੀ ਹੈ। ਜਾਖੜ ਨੇ ਕਿਹਾ, “ਮੁੱਖ ਮੰਤਰੀ ਸਿਰਫ ਸਿਹਰਾ ਲੈਣ ਲਈ ਵੱਧ ਤੋਂ ਵੱਧ  10,000 ਪੁਲਿਸ ਵਾਲਿਆਂ ਦੇ ਤਬਾਦਲੇ ਦਾ ਆਦੇਸ਼ ਹੀ ਦੇ ਸਕਦੇ ਸੀ ਜਿਸਨੂੰ ਬਾਅਦ ਵਿਚ ਉਨ੍ਹਾਂ ਦੇ ਹੀ ਡੀਜੀਪੀ ਨੇ ਮੁੱਖ ਮੰਤਰੀ ਦੇ ਦਾਅਵੇ ਨੂੰ ਨਕਾਰ ਦਿੱਤਾ ਸੀ ਜਿਸ ਨਾਲ ਮੁੱਖ ਮੰਤਰੀ ਦੇ ਬਿਆਨਾਂ ਦੀ ਗੰਭੀਰਤਾ ਦਾ ਪਰਦਾਫਾਸ਼ ਹੋ ਗਿਆ ਸੀ।

Skip to content