30 ਸਾਲ ਤੋਂ ਕਾਂਗਰਸ ਨਾਲ – ਅੱਜ ਤੱਕ ਕੌਂਸਲਰ ਦੀ ਚੋਣ ਨਹੀਂ ਹਾਰੀ

ਜਲੰਧਰ 19 ਜੂਨ 2024 (ਫਤਿਹ ਪੰਜਾਬ) ਜਲੰਧਰ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਕਾਂਗਰਸ ਹਾਈਕਮਾਂਡ ਵੱਲੋਂ ਹੁਣ ਤੱਕ ਨਿਗਮ ਚੋਣਾਂ ਵਿੱਚ ਅਜਿੱਤ ਰਹੀ ਸਾਬਕਾ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ।

ਲੋਕ ਸਭਾ ਚੋਣਾਂ ਵਿੱਚ ਪੱਛਮੀ ਹਲਕੇ ਤੋਂ ਜਿੱਤਣ ਵਾਲੀ ਕਾਂਗਰਸ ਦਾ ਮਨੋਬਲ ਕਾਫੀ ਉੱਚਾ ਹੈ ਤੇ ਇਸ ਹਲਕੇ ਵਿੱਚ ਕਾਂਗਰਸ ਦਾ ਬੋਲਬਾਲਾ ਨਜ਼ਰ ਆ ਰਿਹਾ ਹੈ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਇਸ ਵਾਰ ਕਾਂਗਰਸ ਦਾ ਉਮੀਦਵਾਰ ਪੱਛਮੀ ਹਲਕੇ ਤੋਂ ਹੀ ਹੋਵੇਗਾ।

ਯਾਦ ਰਹੇ ਕਿ ਸੁਰਿੰਦਰ ਕੌਰ ਪਿਛਲੇ 30 ਸਾਲਾਂ ਤੋਂ ਕਾਂਗਰਸ ਵਿੱਚ ਹੈ। ਉਸਦੇ ਪਤੀ ਚੌਧਰੀ ਰਾਮ ਬੂਟਾ ਮੰਡੀ ਵਾਰਡ ਤੋਂ 1997 ਵਿੱਚ ਕੌਂਸਲਰ ਬਣੇ ਸਨ। ਪਤੀ ਦੇ ਸਵਰਗਵਾਸ ਹੋ ਜਾਣ ਉਪਰੰਤ ਉਸਨੇ ਖੁਦ ਚੋਣ ਲੜੀ। ਉਸ ਪਿੱਛੋਂ ਹੁਣ ਤੱਕ ਉਸਨੇ ਕੋਈ ਚੋਣ ਨਹੀਂ ਹਾਰੀ। ਪੱਛਮੀ ਹਲਕੇ ਵਿੱਚ ਉਹ ਦੀ ਸਾਫ ਛਵੀ ਹੈ ਤੇ ਚਾਰ ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੀ ਹੈ।

ਇਸ ਵੇਲੇ ਪੱਛਮੀ ਹਲਕੇ ਵਿੱਚ ਸਭ ਤੋਂ ਸੀਨੀਅਰ ਕਾਂਗਰਸੀ ਆਗੂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਹਨ ਜਿਸ ਕਾਰਨ ਉਨ੍ਹਾਂ ਦੇ ਨਾਮ ਦੀ ਚਰਚਾ ਹੈ। ਦੱਸ ਦਈਏ ਕਿ ਸੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਕਾਰਨ ਪੱਛਮੀ ਹਲਕੇ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਤੇ ਕਾਂਗਰਸ ਦੇ ਜ਼ਿਆਦਾਤਰ ਕੌਂਸਲਰ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।

Skip to content