ਚੰਡੀਗੜ੍ਹ, 5 ਨਵੰਬਰ, 2024 (ਫਤਿਹ ਪੰਜਾਬ) ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜਲੰਧਰ ਸਥਿਤ ਸੂਬਾਈ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੂੰ ਅਨੁਸਾਸ਼ਨਹੀਣਤਾ ਦੇ ਦੋਸ਼ਾਂ ਕਾਰਨ ਪਾਰਟੀ ਵਿਚੋਂ ਬਰਖਾਸਤ ਕਰ ਦਿੱਤਾ ਗਿਆ ਹੈ। ਪਾਰਟੀ ਨੇ ਵੱਡਾ ਫੈਸਲਾ ਲੈੰਦਿਆਂ ਉਨ੍ਹਾਂ ਦੀ ਥਾਂ ਉਤੇ ਅਵਤਾਰ ਸਿੰਘ ਕਰੀਮਪੁਰੀ ਨੂੰ ਮੁੜ੍ਹ ਨਵਾਂ ਸੂਬਾ ਪ੍ਰਧਾਨ ਥਾਪ ਦਿੱਤਾ ਗਿਆ ਹੈ। ਗੜ੍ਹੀ ਦੀ ਬਰਖਾਸਤਗੀ ਦੇ ਕਾਰਨਾਂ ਦਾ ਖੁਲਾਸਾ ਹਜੇ ਤੱਕ ਨਹੀਂ ਹੋਇਆ।
ਇਸ ਦੌਰਾਨ, ਜਸਵੀਰ ਸਿੰਘ ਗੜ੍ਹੀ ਨੇ ਇਸ ਫੈਸਲੇ ਉੱਤੇ ਹੈਰਾਨੀ ਜਤਾਉਂਦੇ ਹੋਏ ਦੋਸ਼ ਲਾਇਆ ਹੈ ਕਿ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਰਣਧੀਰ ਸਿੰਘ ਬੈਨੀਪਾਲ ਇਸ ਕਦਮ ਲਈ ਜੁੰਮੇਵਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਵਿੱਚ ਪਾਰਟੀ ਦੇ ਲਗਭਗ 10 ਕਰੋੜ ਰੁਪਏ ਫੰਡ ਦਾ ਗਬਨ ਹੋਇਆ ਹੈ।
ਗੜ੍ਹੀ ਨੇ ਖੁਲਾਸਾ ਕੀਤਾ ਕਿ ਉਹ ਕਈ ਵਾਰ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਗੜ੍ਹੀ ਨੇ ਦੋਸ਼ ਲਾਇਆ ਕਿ ਬੈਨੀਪਾਲ ਨੇ ਆਪਣੇ ਖ਼ਿਲਾਫ਼ ਕਾਰਵਾਈ ਤੋਂ ਬਚਣ ਲਈ ਉਹਨਾਂ ਨੂੰ ਪਾਰਟੀ ਤੋਂ ਕੱਢ ਦਿੱਤਾ। ਗੜ੍ਹੀ ਨੇ ਕਿਹਾ ਕਿ ਫੰਡਾਂ ਦੀ ਗੜਬੜ ਬਾਰੇ ਦੱਸਣ ਲਈ ਉਨਾਂ ਲਖਨਊ ਸਥਿਤ ਪਾਰਟੀ ਦਫ਼ਤਰ ਨਾਲ ਗੱਲ ਕਰਨ ਦੀ ਯੋਜਨਾ ਬਣਾਈ ਹੈ ਅਤੇ ਜ਼ਿਮਨੀ ਚੋਣਾਂ ਤੋਂ ਬਾਅਦ ਕੁਮਾਰੀ ਮਾਇਆਵਤੀ ਨੂੰ ਪੂਰੀ ਸਥਿਤੀ ਤੋਂ ਜਾਣੂ ਕਰਵਾਉਣਗੇ।