ਚੰਡੀਗੜ੍ਹ 17 ਫਰਵਰੀ, 2025 (ਫਤਿਹ ਪੰਜਾਬ ਬਿਊਰੋ) ਇੱਕ ਹੈਰਾਨੀਜਨਕ ਕਦਮ ਚੁੱਕਦਿਆਂ ਪੰਜਾਬ ਸਰਕਾਰ ਨੇ Punjab Vigilance Bureau ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਰਿੰਦਰ ਕੁਮਾਰ, ਵਿਸ਼ੇਸ਼ ਡੀਜੀਪੀ ਨੂੰ ਬਦਲ ਦਿੱਤਾ ਹੈ ਅਤੇ ਉਨ੍ਹਾਂ ਦੀ ਥਾਂ ਜੀ. ਨਾਗੇਸ਼ਵਰ ਰਾਓ, ਏਡੀਜੀਪੀ, ਪ੍ਰੋਵੀਜ਼ਨਿੰਗ ਨੂੰ ਬਿਊਰੋ ਦਾ ਨਵਾਂ ਨਿਯੁਕਤ ਕੀਤਾ ਹੈ। ਇਸੇ ਸਾਲ 31 ਜੁਲਾਈ, 2025 ਨੂੰ ਸੇਵਾਮੁਕਤ ਹੋਣ ਜਾ ਰਹੇ ਵਰਿੰਦਰ ਕੁਮਾਰ, ਆਈਪੀਐਸ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ।
ਵਿਜੀਲੈਂਸ ਮੁਖੀ ਦਾ ਤਬਾਦਲਾ ਕਿਉਂ ਹੋਇਆ?
ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਪਿਛਲੇ ਦਿਨੀ ਹੁਸ਼ਿਆਰਪੁਰ ਵਿੱਚ ਇੱਕ ਟਰੈਪ ਲਗਾ ਕੇ ਬਿਜਲੀ ਬੋਰਡ ਦੇ ਸੀਨੀਅਰ ਇੰਜੀਨੀਅਰ ਨੂੰ “ਪਾਰਟੀ ਫੰਡ ਇਕੱਠਾ ਕਰਨ” ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਵਿਰੁੱਧ ਬਿਜਲੀ ਬੋਰਡ ਦੇ ਇੰਜੀਨੀਅਰਾਂ ਦੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਤੱਕ ਸ਼ਿਕਾਇਤ ਵੀ ਕੀਤੀ ਸੀ। ਉੱਨਾਂ ਨੇ ਸਰਕਾਰੀ ਪੱਧਰ ਉਤੇ ਇਸ ਤਰ੍ਹਾਂ ਧੱਕੇਸ਼ਾਹੀ ਨਾਲ ਪਾਰਟੀ ਫੰਡ ਇਕੱਠਾ ਕਰਨ ਦਾ ਵਿਰੋਧ ਵੀ ਦਰਸਾਇਆ ਸੀ।
ਮੁੱਦਾ ਮੀਡੀਆ ਵਿੱਚ ਉਛਲਣ ਕਾਰਨ ਵਿਰੋਧੀ ਪਾਰਟੀਆਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰ ਰਹੀਆਂ ਸਨ। ਪਤਾ ਲੱਗਿਆ ਹੈ ਕਿ ਇਸ ਪਿੱਛੋਂ ਵਿਜੀਲੈਂਸ ਬਿਊਰੋ ਵੱਲੋਂ ਇਸ ਮਾਮਲੇ ਨਾਲ ਜੁੜੇ ਇੱਕ ਮੰਤਰੀ ਵਿਰੁੱਧ ਸਬੂਤ ਇਕੱਠੇ ਕਰਨ ਦੀ ਕੀਤੀ ਕਾਰਵਾਈ ਨੇ “ਕੁਝ ਖੰਭ ਲਾ” ਦਿੱਤੇ ਹਨ ਜਿਸ ਕਾਰਨ ਵਰਿੰਦਰ ਕੁਮਾਰ ਨੂੰ ਹਟਾ ਦਿੱਤਾ ਗਿਆ।
ਚਰਚਾ ਇਹ ਵੀ ਹੈ ਕਿ ਵਰਿੰਦਰ ਕੁਮਾਰ ਨੂੰ ਇਸ ਲਈ ਵੀ ਬਦਲ ਦਿੱਤਾ ਗਿਆ ਕਿਉਂਕਿ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਕਈ ਹਾਈ-ਪ੍ਰੋਫਾਈਲ ਮਾਮਲਿਆਂ ਦੀ ਜਾਂਚ ਵਿੱਚ ਅੱਗੇ ਕੋਈ ਬਹੁਤੀ “ਕੋਈ ਸਕਾਰਾਤਮਕ ਕਾਰਵਾਈ” ਨਹੀਂ ਚਲਾਈ ਗਈ ਸੀ। ਇਸ ਤੋਂ ਇਲਾਵਾ ਕੁਝ ਵਿਧਾਇਕਾਂ ਨੇ ਬਿਊਰੋ ਦੇ ਜ਼ਿਲਿਆਂ ਵਿੱਚ ਤਾਇਨਾਤ ਕੁਝ ਜੂਨੀਅਰ ਅਧਿਕਾਰੀਆਂ ਬਾਰੇ ਵੀ ਸ਼ਿਕਾਇਤ ਕੀਤੀ ਸੀ ਜੋ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਫਸਾਉਣ ਦੀ ਧਮਕੀ ਦੇ ਕੇ ਹੋਰ ਜਨਤਕ ਡੀਲਿੰਗ ਵਾਲੇ ਅਧਿਕਾਰੀਆਂ/ ਕਰਮਚਾਰੀਆਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਵਿੱਚ ਹਨ। ਸਮਝਿਆ ਜਾ ਰਿਹਾ ਹੈ ਕਿ ਬਿਊਰੋ ਵਿੱਚ ਸਿਖਰਲੀ ਅਥਾਰਟੀ ਦੇ ਦਲਾਅ ਦੇ ਨਾਲ ਚੱਲ ਰਹੇ ਹਾਈ-ਪ੍ਰੋਫਾਈਲ ਮੁਕੱਦਮਿਆਂ ਦੀ ਜਾਂਚ ਤੇਜ਼ ਹੋ ਸਕਦੀ ਹੈ।

ਜੀ. ਨਾਗੇਸ਼ਵਰ ਰਾਓ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਤਾਇਨਾਤ
ਪੰਜਾਬ ਸਰਕਾਰ ਨੇ 1995 ਬੈਚ ਦੇ ਭਾਰਤੀ ਪੁਲਿਸ ਸੇਵਾ (ਆਈ.ਪੀ.ਐਸ.) ਅਧਿਕਾਰੀ ਸ੍ਰੀ ਜੀ. ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੈ। ਸ੍ਰੀ ਰਾਓ ਇਸ ਸਮੇਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਪ੍ਰੋਵੀਜ਼ਨਿੰਗ, ਪੰਜਾਬ ਵਜੋਂ ਸੇਵਾਵਾਂ ਨਿਭਾਅ ਰਹੇ ਸਨ।
ਸ੍ਰੀ ਰਾਓ 1993 ਬੈਚ ਦੇ ਆਈਪੀਐਸ ਅਧਿਕਾਰੀ ਵਿਸ਼ੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਸ੍ਰੀ ਵਰਿੰਦਰ ਕੁਮਾਰ ਤੋਂ ਅਹੁਦਾ ਸੰਭਾਲਣਗੇ। ਸ੍ਰੀ ਵਰਿੰਦਰ ਕੁਮਾਰ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਅਗਲੇਰੀ ਡਿਊਟੀ ਲਈ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਨੂੰ ਰਿਪੋਰਟ ਕਰਨਗੇ।
ਜ਼ਿਕਰਯੋਗ ਹੈ ਕਿ 27 ਅਪ੍ਰੈਲ 2017 ਤੋਂ 22 ਜੁਲਾਈ 2019 ਤੱਕ ਵਿਜੀਲੈਂਸ ਬਿਊਰੋ, ਪੰਜਾਬ ਦੇ ਡਾਇਰੈਕਟਰ ਸਮੇਤ ਵੱਖ-ਵੱਖ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾਵਾਂ ਨਿਭਾਉਣ ਵਾਲੇ ਸ਼੍ਰੀ ਜੀ. ਨਾਗੇਸ਼ਵਰ ਰਾਓ ਅਹਿਮ ਅਹੁਦਿਆਂ ‘ਤੇ ਕੰਮ ਕਰਨ ਦਾ ਤਜ਼ਰਬਾ ਰੱਖਦੇ ਹਨ। ਪਹਿਲੀ ਡਿਵੀਜ਼ਨ ਵਿੱਚ ਸਿਵਲ ਇੰਜੀਨੀਅਰਿੰਗ ਗ੍ਰੈਜੂਏਟ ਸ੍ਰੀ ਰਾਓ ਕਈ ਸਨਮਾਨਾਂ ਨਾਲ ਸਨਮਾਨਿਤ ਕੀਤੇ ਗਏ ਹਨ। ਸਾਲ 2004 ਵਿੱਚ ਕੋਸੋਵੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਵਿੱਚ ਇੱਕ ਸਿਵਪੋਲ (ਸੀ.ਆਈ.ਵੀ.ਪੀ.ਓ.ਐਲ) ਅਧਿਕਾਰੀ ਵਜੋਂ ਸੇਵਾ ਲਈ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਿੱਚ ਆਪਣੀ ਡੈਪੂਟੇਸ਼ਨ ਦੌਰਾਨ 2011 ਵਿੱਚ ਮੈਰੀਟੋਰੀਅਸ ਸਰਵਿਸ ਲਈ ਪੁਲਿਸ ਮੈਡਲ ਵੀ ਪ੍ਰਾਪਤ ਹੋਇਆ, ਅਤੇ ਸਾਲ 2023 ਵਿੱਚ ਗਣਤੰਤਰ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤੇ ਗਏ।