IAS, IPS ਅਧਿਕਾਰੀਆਂ ਨਾਲ ਡੂੰਘੇ ਸਬੰਧਾਂ ਦੇ ਖੁਲਾਸਿਆਂ ਪਿੱਛੋਂ ਸੀਬੀਆਈ ਨੇ ਜਾਂਚ ਦਾ ਦਾਇਰਾ ਵਧਾਇਆ
ਚੰਡੀਗੜ੍ਹ, 18 ਅਕਤੂਬਰ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਪੁਲਿਸ ਦੇ ਡੀਆਈਜੀ ਰੋਪੜ ਰੇਂਜ, ਹਰਚਰਨ ਸਿੰਘ ਭੁੱਲਰ ਨਾਲ ਜੁੜੇ ਬਹੁ-ਕਰੋੜੀ ਭ੍ਰਿਸ਼ਟਾਚਾਰ ਮਾਮਲੇ ਦੀ ਜਾਂਚ ਕਰ ਰਹੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਸਦੇ ਵਿਚੋਲੇ, ਕਿਰਸ਼ਾਨੂੰ, ਜੋ ਕਿ ਪਟਿਆਲਾ ਜ਼ਿਲ੍ਹੇ ਦੇ ਨਾਭਾ ਕਸਬੇ ਦਾ ਨਿਵਾਸੀ ਹੈ, ਦੇ ਸੰਬੰਧਾਂ ਅਤੇ ਭੂਮਿਕਾ ਬਾਰੇ ਹੈਰਾਨ ਕਰਨ ਵਾਲੇ ਖੁਲਾਸਿਆਂ ਨਾਲ ਤਫ਼ਤੀਸ਼ ਨੇ ਇੱਕ ਨਾਟਕੀ ਮੋੜ ਲੈ ਲਿਆ ਹੈ। ਬੀਤੇ ਦਿਨ ਵੀਰਵਾਰ ਨੂੰ 8 ਲੱਖ ਰੁਪਏ ਦੇ ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ IPS officer ਭੁੱਲਰ ਤੇ ਕਿਰਸ਼ਾਨੂੰ ਨੂੰ ਅਦਾਲਤ ਨੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ, ਸੀਬੀਆਈ ਨੇ ਕਾਫ਼ੀ ਸਬੂਤ ਲੱਭੇ ਹਨ ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਕਿਰਸ਼ਾਨੂੰ ਦਾ ਪੰਜਾਬ ਦੇ ਕਈ ਸੀਨੀਅਰ ਆਈਏਐਸ ਅਤੇ ਆਈਪੀਐਸ ਅਧਿਕਾਰੀਆਂ ਨਾਲ ਨੇੜਿਓਂ ਅਤੇ ਅਕਸਰ ਸੰਪਰਕ ਰਹਿੰਦਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਪੰਜਾਬ ਸਿਵਲ ਸਕੱਤਰੇਤ ਵਿੱਚ ਤਾਇਨਾਤ ਲਗਭਗ 65 ਉੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਰੋਜ਼ਾਨਾ ਵਟਸਐਪ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਦਾ ਸੀ। ਉਸਦੇ ਮੋਬਾਈਲ ਫੋਨ ਤੋਂ ਬਰਾਮਦ ਹੋਏ ਡਿਜੀਟਲ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਉਹ ਰੋਜ਼ਾਨਾ ਕਈ ਅਧਿਕਾਰੀਆਂ ਨਾਲ ਸੰਪਰਕ ਵਿੱਚ ਰਹਿੰਦਾ ਸੀ।
ਜਾਂਚ ਨਾਲ ਜੁੜੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਲਗਾਤਾਰ ਪੁੱਛਗਿੱਛ ਦੌਰਾਨ, ਕਿਰਸ਼ਾਨੂੰ ਨੇ ਕਈ ਸੀਨੀਅਰ ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਲਿਆ ਜਿਨ੍ਹਾਂ ਨਾਲ ਉਸਦੇ ਨਜ਼ਦੀਕੀ ਨਿੱਜੀ ਅਤੇ ਪੇਸ਼ੇਵਰ ਸਬੰਧ ਸਨ। ਸੀਬੀਆਈ ਹੁਣ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਮੁਲਜ਼ਮ ਇਹਨਾਂ ਪ੍ਰਭਾਵਸ਼ਾਲੀ ਸਬੰਧਾਂ ਨੂੰ ਕਿਵੇਂ ਕਾਇਮ ਕਰਨ ਵਿੱਚ ਕਾਮਯਾਬ ਰਿਹਾ ਅਤੇ ਕੀ ਉਸਨੇ ਹੋਰ ਸੰਵੇਦਨਸ਼ੀਲ ਮਾਮਲਿਆਂ ਵਿੱਚ ਇੱਕ ਦਲਾਲ ਜਾਂ ਵਿਚੋਲੇ ਵਜੋਂ ਕੰਮ ਕੀਤਾ ਹੈ।
ਇਹਨਾਂ ਖੁਲਾਸਿਆਂ ਤੋਂ ਬਾਅਦ, ਸੀਬੀਆਈ ਨੇ ਹਰਚਰਨ ਭੁੱਲਰ ਦੀਆਂ ਗਤੀਵਿਧੀਆਂ ਨਾਲ ਸੰਭਾਵੀ ਤੌਰ ‘ਤੇ ਜੁੜੇ ਅਧਿਕਾਰੀਆਂ ਦੇ ਨੈੱਟਵਰਕ ਦਾ ਪਤਾ ਲਗਾਉਣ ਲਈ ਆਪਣੀ ਜਾਂਚ ਦੇ ਦਾਇਰੇ ਨੂੰ ਕਾਫ਼ੀ ਵਧਾ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਕਈ ਅਧਿਕਾਰੀਆਂ ਨੂੰ ਤਫਤੀਸ਼ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਜਿਸ ਕਰਕੇ ਇਸ ਕੇਸ ਵਿੱਚ ਤਫ਼ਤੀਸ਼ ਡੂੰਘਾਈ ਨਾਲ ਹੋਣ ਕਰਕੇ ਨਵੇਂ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪੁਲਿਸ ਸੰਸਥਾ ਦੇ ਅੰਦਰਲੇ ਸੂਤਰਾਂ ਨੇ ਇੰਨਾ ਖੁਲਾਸਿਆਂ ਨੂੰ ਰਾਜ ਦੀ ਨੌਕਰਸ਼ਾਹੀ ਲਈ “ਵੱਡੀ ਸ਼ਰਮਿੰਦਗੀ” ਦੱਸਿਆ ਹੈ ਜਿਸ ਵਿੱਚ ਬਹੁਤ ਸਾਰੇ ਅਧਿਕਾਰੀਆਂ ਨੂੰ ਨਾਮ ਜਨਤਕ ਹੋਣ ਦੇ ਡਰ ਕਾਰਨ ਉਨ੍ਹਾਂ ਦੀ ਰਾਤਾਂ ਦੀ ਨੀਂਦ ਉਡ ਗਈ ਹੈ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਚੱਲ ਰਹੀ ਜਾਂਚ ਦੌਰਾਨ ਅਗਲੇ ਦਿਨਾਂ ਵਿੱਚ ਹੋਰ ਹੈਰਾਨੀਜਨਕ ਤੱਥਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਾਂਚ ਤੋਂ ਜਾਣੂ ਇੱਕ ਸੀਨੀਅਰ ਅਧਿਕਾਰੀ ਨੇ ਟਿੱਪਣੀ ਕੀਤੀ ਕਿ ਕਿਰਸ਼ਾਨੂੰ ਦੀ ਗ੍ਰਿਫਤਾਰੀ ਨੇ “ਇੱਕ ਪੰਡੋਰਾ ਬਾਕਸ” ਖੋਲ੍ਹ ਦਿੱਤਾ ਹੈ ਜੋ ਕੁਝ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਵਿਚਕਾਰ ਡੂੰਘੇ ਗੱਠਜੋੜ ਵੱਲ ਇਸ਼ਾਰਾ ਕਰਦਾ ਹੈ। ਸੂਤਰਾਂ ਨੇ ਕਿਹਾ ਕਿ ਸੀਬੀਆਈ ਮਿਲੀਭੁਗਤ ਅਤੇ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਬਾਰੇ ਜੜਾਂ ਤੱਕ ਪਹੁੰਚਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ।
ਵੱਡਿਆਂ ਨਾਲ ਸਾਂਝਾ ਨੇ ਦਲਾਲ ਕ੍ਰਿਸ਼ਨੂੰ ਦੀਆਂ
CBI ਵੱਲੋਂ DIG ਹਰਚਰਨ ਸਿੰਘ ਭੁੱਲਰ ਸਮੇਤ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਕੇਸ ਵਿੱਚ ਕਾਬੂ ਕੀਤਾ ਨਾਭੇ ਦੇ 29 ਸਾਲਾ ਕ੍ਰਿਸ਼ਾਨੂੰ ਸ਼ਾਰਦਾ ਕੋਲੋਂ ਵੀ 21 ਲੱਖ ਰੁਪਏ ਬਰਾਮਦ ਹੋਏ ਹਨ। ਉਹ ਕੌਮੀ ਪੱਧਰ ਦਾ ਸਾਬਕਾ ਹਾਕੀ ਖਿਡਾਰੀ ਹੈ ਅਤੇ ਨਾਭਾ ਦੀ ਹਰੀਦਾਸ ਕਲੋਨੀ ਵਿੱਚ ਰਹਿੰਦਾ ਹੈ। ਉਹ ਮੰਡੀ ਗੋਬਿੰਦਗੜ੍ਹ ਦੇ ਫਾਇਰ ਬ੍ਰਿਗੇਡ ਸ਼ਾਖ਼ਾ ਵਿੱਚ ਸਾਲ 2018 ਤੋਂ 2022 ਤੱਕ ਠੇਕੇ ਤੇ ਮੁਲਾਜ਼ਮ ਰਿਹਾ।
ਸੂਤਰਾਂ ਅਨੁਸਾਰ ਇਸ ਸਮੇਂ ਦੌਰਾਨ ਉਸ ਦੀ ਨੇੜਤਾ ਨਾਭੇ ਹਲਕੇ ਤੋਂ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਹੋ ਗਈ। ਉਹ ਥੋੜ੍ਹਾ ਸਮਾਂ ਨਵਜੋਤ ਸਿੱਧੂ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਚਲਾਉਂਦਾ ਰਿਹਾ। ਉਸ ਨੇ ਆਪਣੇ Facebook page ’ਤੇ ਸੀਨੀਅਰ IAS ਤੇ IPS ਅਧਿਕਾਰੀਆਂ ਨਾਲ photos ਪਾਈਆਂ ਹੋਈਆਂ ਹਨ। ਕ੍ਰਿਸ਼ਨੂੰ ਵੱਡੇ ਲੋਕਾਂ ਨਾਲ ਸੰਪਰਕ ਸਾਧਣ ਵਿੱਚ ਚਤੁਰ ਤੇ ਮਾਹਿਰ ਹੈ। ਨਾਭਾ ਦੇ ਮਸ਼ਹੂਰ ਲਿਬਰਲ ਹਾਕੀ ਟੂਰਨਾਮੈਂਟ ਵੇਲੇ ਵੀ ਉਹ ਖਿਡਾਰੀਆਂ ਨੂੰ ਨਗਦ ਇਨਾਮ ਦਿੰਦਾ ਹੈ। ਸੂਤਰਾਂ ਅਨੁਸਾਰ ਉਸ ਦਾ ਰਸੂਖ ਐਨਾ ਸੀ ਕਿ ਕਈ ਵੱਡੇ IAS ਤੇ IPS officer ਆਪਣੀਆਂ ਬਦਲੀਆਂ ਕਰਵਾਉਣ ਜਾਂ ਬਦਲੀਆਂ ਬਾਰੇ ਅਗੇਤੀ ਉੱਘ-ਸੁੱਘ ਲੈਣ ਲਈ ਉਸ ਨੂੰ ਫੋਨ ਕਰਦੇ ਸੀ।
ਪੁਲਿਸ ਕੋਲੋਂ ਲੋਕਾਂ ਦੇ ਕਰਾਉਂਦਾ ਸੀ ਕੰਮ
ਸਥਾਨਕ ਲੋਕ, ਜੋ ਆਪਣਾ ਨਾਮ ਨਹੀਂ ਦੱਸਣਾ ਚਾਹੁੰਦੇ, ਦੱਸਦੇ ਹਨ ਕਿ ਉਹ FIR ਵਿੱਚੋਂ ਨਾਮ ਕਢਵਾਉਣ ਤੋਂ ਲੈ ਕੇ ਹਥਿਆਰਾਂ ਦੇ ਨਵੇਂ ਲਾਇਸੈਂਸ ਬਣਾਉਣ ਤੋਂ ਇਲਾਵਾ ਪੁਲਿਸ ਮੁਕੱਦਮਿਆਂ ਨਾਲ ਮੱਦਦ ਮੰਗਣ ਆਉਂਦੇ ਹਰ ਵਿਅਕਤੀ ਲਈ ਇੱਕ ਸੰਪਰਕ ਸੂਤਰ ਬਣ ਗਿਆ ਸੀ।
ਉਸਦੀਆਂ ਗਤੀਵਿਧੀਆਂ ਬਾਰੇ ਨੇੜਿਓਂ ਜਾਣਕਾਰੀ ਰੱਖਦੇ ਨਾਭੇ ਦੇ ਇੱਕ ਵਿਅਕਤੀ ਨੇ ਕਿਹਾ ਕਿ ਜੇਕਰ ਕਿਸੇ ਦਾ ਪੁਲਿਸ ਕੇਸ ਜਾਂ ਤਸਦੀਕ ਦਾ ਮੁੱਦਾ ਹੁੰਦਾ ਸੀ, ਤਾਂ ਉਹ ਕ੍ਰਿਸ਼ਨੂ ਕੋਲ ਜਾਂਦੇ ਸਨ। ਉਸਦੇ ਸੰਪਰਕ SHO ਪੱਧਰ ਤੋਂ ਲੈ ਕੇ ਸੀਨੀਅਰ ਪੁਲਿਸ ਅਧਿਕਾਰੀਆਂ ਤੱਕ ਸਨ।