ਜਾਮ ਕੀਤੇ ਬੈਂਕ ਖਾਤੇ ਖੁਲਾਉਣ ਲਈ ਅਦਾਲਤ ‘ਚ ਲਾਈ ਗੁਹਾਰ

ਚੰਡੀਗੜ੍ਹ, 18 ਨਵੰਬਰ 2025 (ਫਤਿਹ ਪੰਜਾਬ ਬਿਊਰੋ) : ਸੀ.ਬੀ. ਆਈ. ਨੇ 8 ਲੱਖ ਰੁਪਏ ਦੀ ਰਿਸ਼ਵਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਤੇ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਬੈਂਕ ਖਾਤਿਆਂ ਨੂੰ ਜਾਮ (ਫ੍ਰੀਜ) ਕਰਵਾ ਦਿੱਤਾ ਹੈ ਜਿਸ ਕਾਰਨ ਬੁੜੈਲ ਜੇਲ੍ਹ ਵਿੱਚ ਬੰਦ ਕਰੋੜਾਂ ਰੁਪਏ ਦੇ ਮਾਲਕ ਭੁੱਲਰ ਦੇ ਪਰਿਵਾਰ ਲਈ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਭੁੱਲਰ ਨੇ ਵਕੀਲ ਰਾਹੀਂ ਜਾਮ ਕੀਤੇ ਬੈਂਕ ਖਾਤੇ ਖੁਲਵਾਉਣ (ਡੀ-ਫ੍ਰੀਜ਼) ਦੀ ਮੰਗ ਨੂੰ ਲੈ ਕੇ ਸੀ.ਬੀ. ਆਈ. ਦੀ ਵਿਸ਼ੇਸ਼ ਅਦਾਲਤ ‘ਚ ਅਰਜ਼ੀ ਲਾਈ ਹੈ ਜਿਸ ‘ਤੇ ਅਦਾਲਤ ਨੇ ਕੇਂਦਰੀ ਏਜੰਸੀ ਨੂੰ ਜਵਾਬ ਦਾਖ਼ਲ ਕਰਨ ਲਈ ਨੋਟਿਸ ਜਾਰੀ ਕੀਤਾ ਹੈ ਜਿਸ ‘ਤੇ 20 ਨਵੰਬਰ ਨੂੰ ਸੁਣਵਾਈ ਹੋਵੇਗੀ।

ਭੁੱਲਰ ਦੇ ਵਕੀਲ ਨੇ ਅਰਜ਼ੀ ‘ਚ ਜੋਦੜੀ ਕੀਤੀ ਹੈ ਕਿ ਸੀ.ਬੀ.ਆਈ. ਆਮਦਨ ਤੋਂ ਜ਼ਿਆਦਾ ਮਾਮਲੇ ਦੀ ਜਾਂਚ ਜਾਰੀ ਰੱਖੇ ਪਰ ਉਸ ਦੇ ਬੈਂਕ ਖਾਤੇ ਤਾਂ ਡੀ-ਫ੍ਰੀਜ਼ ਕਰ ਦਿੱਤੇ ਜਾਣ। ਉਸ ਦੇ ਪਰਿਵਾਰ ਨੂੰ ਜੋ ਆਮਦਨ ਹੋ ਰਹੀ ਹੈ ਉਹ ਤਾਂ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ। ਬੰਦ ਕੀਤੇ ਖਾਤਿਆਂ ਕਰਕੇ ਉਨ੍ਹਾਂ ਦੇ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਦਾ ਖੇਤੀ ਦਾ ਵੀ ਕੰਮ ਹੈ ਜਿਸ ਲਈ ਵੀ ਪੈਸਿਆਂ ਦੀ ਜ਼ਰੂਰਤ ਹੁੰਦੀ ਹੈ। ਸੀ.ਬੀ.ਆਈ. ਨੇ ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦਾ ਤਨਖਾਹ ਵਾਲਾ ਖਾਤਾ ਵੀ ਫ੍ਰੀਜ਼ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਦੇ ਪੰਜਾਬ ‘ਚ ਅਸਿਸਟੈਂਟ ਐਡਵੋਕੇਟ ਜਨਰਲ ਲੱਗੇ ਪੁੱਤਰ ਗੁਰਪ੍ਰਤਾਪ ਸਿੰਘ ਭੁੱਲਰ ਦਾ ਖਾਤਾ ਤੇ ਪਿਤਾ ਸਾਬਕਾ ਡੀਜੀਪੀ ਮਹਿਲ ਸਿੰਘ ਭੁੱਲਰ ਦਾ ਪੈਨਸ਼ਨ ਖਾਤਾ ਵੀ ਜਾਮ ਕਰ ਦਿੱਤਾ ਹੈ। ਪਰਿਵਾਰ ਨੂੰ ਖੇਤੀਬਾੜੀ ਤੇ ਕਿਰਾਏ ਤੋਂ ਹੋ ਰਹੀ ਆਮਦਨ ਵੀ ਖਾਤੇ ‘ਚੋਂ ਨਹੀਂ ਨਿਕਲ ਰਹੀ। ਇਹ ਰਕਮ ਉਨ੍ਹਾਂ ਦੀ ਪਤਨੀ ਦੇ ਖਾਤੇ ‘ਚ ਆ ਰਹੀ ਸੀ ਤੇ ਸੀ.ਬੀ.ਆਈ. ਨੇ ਉਹ ਖਾਤਾ ਵੀ ਫੀਜ਼ ਕਰ ਦਿੱਤਾ ਹੈ।

ਦੱਸ ਦੇਈਏ ਕਿ 20 ਨਵੰਬਰ ਨੂੰ ਹੀ ਇਸ ਮਾਮਲੇ ਦੀ ਸੁਣਵਾਈ ਹੋਣੀ ਹੈ ਅਤੇ ਉਸ ਦਿਨ ਹੀ ਹਰਚਰਨ ਭੁੱਲਰ ਤੇ ਉਸ ਦੇ ਸਾਥੀ ਕ੍ਰਿਸ਼ਨਾਨੂੰ ਸ਼ਾਰਦਾ ਦਾ ਵੀ ਨਿਆਂਇਕ ਰਿਮਾਂਡ ਖਤਮ ਹੋਣਾ ਹੈ ਜਿਸ ਕਰਕੇ ਉਨ੍ਹਾਂ ਦੀ ਉਸ ਦਿਨ ਸੀ.ਬੀ. ਆਈ. ਦੀ ਵਿਸ਼ੇਸ਼ ਅਦਾਲਤ ‘ਚ ਅਦਾਲਤ ਵਿੱਚ ਪੇਸ਼ੀ ਵੀ ਹੈ। 

error: Content is protected !!