ਚੰਡੀਗੜ੍ਹ, 3 ਜੂਨ 2024 (ਫਤਿਹ ਪੰਜਾਬ) ਪੰਜਾਬ ਦੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਵੱਡਾ ਝਟਕਾ ਲੱਗਾ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਹਿਲਾਂ ਹੀ ਉਸਦਾ ਅਸਤੀਫਾ ਪ੍ਰਵਾਨ ਕਰ ਲਿਆ ਸੀ ਅਤੇ ਜਲੰਧਰ ਪੱਛਮੀ ਸੀਟ ਨੂੰ ਖ਼ਾਲੀ ਐਲਾਨ ਦਿੱਤਾ ਗਿਆ ਹੈ।
ਅੰਗੁਰਾਲ ਅੱਜ ਸੋਮਵਾਰ ਨੂੰ ਇੱਥੇ ਸਪੀਕਰ ਕੋਲ ਪਹੁੰਚੇ। ਉਨ੍ਹਾਂ ਕਿਹਾ ਕਿ ਅੱਜ 3 ਜੂਨ ਨੂੰ ਉਨ੍ਹਾਂ ਨੂੰ ਸਪੀਕਰ ਨੇ ਵਿਧਾਨ ਸਭਾ ਵਿੱਚ ਬੁਲਾਇਆ ਸੀ। ਉਨ੍ਹਾਂ ਦੱਸਿਆ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਆਪਣਾ ਅਸਤੀਫਾ ਦਿੱਤਾ ਸੀ ਪਰ ਇਸ ਨੂੰ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ ਸੀ।ਪਰ ਅੱਜ ਅਸਤੀਫੇ ਦੇ ਪ੍ਰਵਾਨ ਹੋਣ ਬਾਰੇ ਜਾਣੂ ਹੋਣ ਤੇ ਵਿਧਾਇਕ ਨੇ ਕਿਹਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਨਗੇ।
ਉਧਰ ਕੁਲਤਾਰ ਸਿੰਘ ਸੰਧਵਾਂ ਨੇ ਸਪੱਸ਼ਟ ਕੀਤਾ ਹੈ ਕਿ ਵਿਧਾਇਕ ਅੰਗੁਰਾਲ ਦਾ ਅਸਤੀਫ਼ਾ ਪਹਿਲਾਂ ਹੀ ਮਨਜ਼ੂਰ ਕੀਤਾ ਜਾ ਚੁੱਕਾ ਸੀ ਅਤੇ ਉਨ੍ਹਾਂ ਨੂੰ ਸਿਰਫ਼ ਇਸ ਦੀ ਸੂਚਨਾ ਹੀ ਦਿੱਤੀ ਜਾਣੀ ਬਾਕੀ ਸੀ। ਸੰਧਵਾਂ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਹੋਣ ਨਾਤੇ ਨਿਯਮਾਵਲੀ ਤਹਿਤ ਇਹ ਉਨ੍ਹਾਂ ਦੀ ਡਿਊਟੀ ਬਣਦੀ ਸੀ ਕਿ ਇਹ ਅਸਤੀਫ਼ਾ ਸਵੀਕਾਰ ਕੀਤਾ ਜਾਵੇ, ਜੋ ਉਨ੍ਹਾਂ ਨੇ ਕਰ ਲਿਆ ਹੈ।
ਉਨ੍ਹਾਂ ਵੱਲੋਂ ਅੰਗੁਰਾਲ ਨੂੰ ਅੱਜ 3 ਜੂਨ ਨੂੰ ਬੁਲਾਏ ਜਾਣ ਸੰਬੰਧੀ ਸਥਿਤੀ ਸਪਸ਼ਟ ਕਰਦਿਆਂ ਸੰਧਵਾਂ ਨੇ ਕਿਹਾ ਕਿ ਉਨ੍ਹਾਂ ਨੇ ਸਿਰਫ ਅਸਤੀਫ਼ਾ ਸਵੀਕਾਰ ਕਰਨ ਬਾਰੇ ਜਾਣਕਾਰੀ ਦੇਣ ਲਈ ਹੀ ਉਸ ਨੂੰ ਬੁਲਾਇਆ ਸੀ ਕਿਉਂਕਿ ਅਸਤੀਫ਼ਾ ਤਾਂ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਹੈ।