ਲੁਧਿਆਣਾ 18 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਮਾਲੇਰਕੋਟਲਾ ਸ਼ਹਿਰ ਵਿੱਚ 24 ਜੂਨ 2016 ਨੂੰ ਹੋਏ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਮੁਕੱਦਮੇ ’ਚ ਦੋਸ਼ੀ ਠਹਿਰਾਏ ਗਏ ਦਿੱਲੀ ਦੇ ਮਹਿਰੌਲੀ ਹਲਕੇ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਮੁੜ ਦਿੱਲੀ ਵਿੱਚ ਉਮੀਦਵਾਰ ਬਣਾਏ ਜਾਣ ’ਤੇ ਮਾਲੇਰਕੋਟਲਾ ਦੇ ਮੁਸਲਮਾਨ ਭਾਈਚਾਰੇ ਵਿੱਚ ਰੋਸ ਹੈ।
ਯਾਦ ਰਹੇ ਕਿ ਮਾਲੇਰਕੋਟਲਾ ਸ਼ਹਿਰ ਵਿੱਚ 24 ਜੂਨ 2016 ਨੂੰ ਹੋਏ ਪਵਿੱਤਰ ਕੁਰਾਨ ਸ਼ਰੀਫ਼ ਬੇਅਦਬੀ ਮੁਕੱਦਮੇ ’ਚ ਜ਼ਿਲ੍ਹਾ ਅਦਾਲਤ ਨੇ ਬੀਤੀ 30 ਨਵੰਬਰ ਨੂੰ ਆਪ ਦੇ ਉਕਤ ਵਿਧਾਇਕ ਨਰੇਸ਼ ਯਾਦਵ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਦਿੱਤੀ ਜ਼ਮਾਨਤ ’ਤੇ ਚੱਲ ਰਹੇ ਨਰੇਸ਼ ਯਾਦਵ ਨੂੰ ‘ਆਪ’ ਵੱਲੋਂ ਮੁੜ ਦਿੱਲੀ ਦੇ ਮਹਿਰੌਲੀ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਗਿਆ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਲੇਰਕੋਟਲਾ ਦੇ ਆਗੂ ਸ਼ਫੀਕ ਚੌਹਾਨ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਖਿਜ਼ਰ ਖਾਂ, ਸ਼੍ਰੋਮਣੀ ਅਕਾਲੀ ਦਲ (ਅ) ਦੇ ਆਗੂ ਅਨਵਰ ਅਹਿਮਦ ਚੌਹਾਨ, ਬਸਪਾ ਆਗੂ ਸ਼ਮਸ਼ਾਦ ਅਨਸਾਰੀ, ਸੀਪੀਆਈ (ਐੱਮ) ਦੇ ਜ਼ਿਲ੍ਹਾ ਆਗੂ ਅਬਦੁਲ ਸਤਾਰ, ਸਮਾਜ ਸੇਵੀ ਸੰਸਥਾ ਡੋਨਰਜ਼ ਚੁਆਇਸ ਦੇ ਮੁਖੀ ਸ਼ਹਿਬਾਜ਼ ਹੁਸੈਨ ਅਤੇ ਹਾਅ ਦਾ ਨਾਅਰਾ ਵੈੱਲਫੇਅਰ ਸੁਸਾਇਟੀ ਦੇ ਆਗੂ ਮੁਹੰਮਦ ਆਰਿਫ਼ ਨੇ ਕਿਹਾ ਕਿ ਨਰੇਸ਼ ਯਾਦਵ ਨੂੰ ਮੁੜ ਟਿਕਟ ਦਿੱਤੇ ਜਾਣ ਦੇ ਵਿਰੋਧ ’ਚ ਸਾਂਝਾ ਮੁਹਾਜ਼ ਖੜ੍ਹਾ ਕੀਤਾ ਜਾਵੇਗਾ।
ਇਨ੍ਹਾਂ ਆਗੂਆਂ ਨੇ ਵਿਧਾਇਕ ਰਹਿਮਾਨ ਅਤੇ ‘ਆਪ’ ਦੇ ਮੁਸਲਮਾਨ ਆਗੂਆਂ ਵੱਲੋਂ ਇਸ ਮਾਮਲੇ ’ਚ ਚੁੱਪ ਵੱਟਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਨਰੇਸ਼ ਯਾਦਵ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਮੁੜ ਉਮੀਦਵਾਰ ਬਣਾਉਣ ਕਰਕੇ ਮੁਸਲਮਾਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।