Skip to content

ਚੰਡੀਗੜ੍ਹ 27 ਅਪ੍ਰੈਲ 2025 (ਫਤਿਹ ਪੰਜਾਬ ਬਿਊਰੋ) ਵਿਜੀਲੈਂਸ ਬਿਊਰੋ ਪੰਜਾਬ ਵਿੱਚ ਤਾਇਨਾਤ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਪਹਿਲਾਂ ਸੌਂਪੇ ਕਾਰਜਾਂ ਦੇ ਨਾਲ ਨਾਲ ਖਾਲੀ ਪਏ ਅਹੁਦਿਆਂ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਪ੍ਰਵੀਨ ਕੁਮਾਰ ਸਿਨਹਾ, ਆਈ.ਪੀ.ਐਸ., ਮੁੱਖ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਜਾਰੀ ਇੰਨਾਂ ਹੁਕਮਾਂ ਵਿੱਚ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਸੰਯੁਕਤ ਡਾਇਰੈਕਟਰ, ਕਰਾਈਮ, ਨੂੰ ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਵਿਜੀਲੈਂਸ ਬਿਊਰੋ, ਫਲਾਇੰਗ ਸੁਕਾਡ, ਪੰਜਾਬ ਦਾ ਵਾਧੂ ਚਾਰਜ, ਦਿਗਵਿਜੇ ਕਪਿਲ, ਪੀ.ਪੀ.ਐਸ., ਸੰਯੁਕਤ ਡਾਇਰੈਕਟਰ, ਸ਼ਿਕਾਇਤ ਸੈਲ, ਨੂੰ ਸੰਯੁਕਤ ਡਾਇਰੈਕਟਰ, ਪ੍ਰਸ਼ਾਸਨ, ਦੇ ਨਾਲ ਸੰਯੁਕਤ ਡਾਇਰੈਕਟਰ, ਆਈ.ਵੀ.ਸੀ. ਅਤੇ ਸਪੈਸ਼ਲ ਯੂਨਿਟ, ਜਗਤਪ੍ਰੀਤ ਸਿੰਘ, ਪੀ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਰੇਂਜ ਲੁਧਿਆਣਾ ਨੂੰ ਸੀਨੀਅਰ ਕਪਤਾਨ ਪੁਲਿਸ, ਵਿਜੀਲੈਂਸ ਬਿਊਰੋ, ਰੇਂਜ ਜਲੰਧਰ ਦਾ ਵੀ ਵਾਧੂ ਚਾਰਜ ਸੌਂਪਿਆ ਗਿਆ ਹੈ। ਇਹ ਹੁਕਮ ਤੁਰੰਤ ਪ੍ਰਭਾਵ ਤੋਂ ਲਾਗੂ ਹੋਣਗੇ।
ਦੱਸ ਦੇਈਏ ਕਿ ਪਿਛਲੇ ਦਿਨੀ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਟਰਾਂਸਪੋਰਟ ਵਿਭਾਗ ਵਿੱਚ ਡਰਾਈਵਿੰਗ ਟੈਸਟਾਂ ਅਤੇ ਡਰਾਈਵਿੰਗ ਲਾਇਸੰਸਾਂ ਵਿੱਚ ਘੁਟਾਲੇ ਦੀ ਜਾਂਚ ਵਿੱਚ ਢਿੱਲ ਵਰਤਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਨਾਲ ਹੀ ਇੱਕ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਉਡਣ ਦਸਤਾ ਪੰਜਾਬ ਅਤੇ ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦੇ ਸੀਨੀਅਰ ਕਪਤਾਨ ਪੁਲਿਸ ਨੂੰ ਲਾਂਭੇ ਕਰ ਦਿੱਤਾ ਗਿਆ ਸੀ ਜਿਸ ਕਰਕੇ ਪੰਜਾਬ ਸਰਕਾਰ ਨੇ ਬਿਊਰੋ ਦੇ ਨਵੇਂ ਮੁਖੀ ਵਜੋਂ ਸਿਨਹਾ ਨੂੰ ਵਾਧੂ ਚਾਰਜ ਦੇ ਕੇ ਨਿਯੁਕਤੀ ਕੀਤੀ ਹੈ। ਬਿਊਰੋ ਵਿੱਚ ਬਾਕੀ ਖਾਲੀ ਹੋਏ ਅਹੁਦਿਆਂ ਤੇ ਇਹ ਅੰਦਰੂਨੀ ਤਾਇਨਾਤੀਆਂ ਵਜੋਂ ਅਧਿਕਾਰੀਆਂ ਨੂੰ ਵਾਧੂ ਕੰਮ ਸੌਂਪਿਆ ਗਿਆ ਹੈ।

error: Content is protected !!