ਚੰਡੀਗੜ੍ਹ, 23 ਨਵੰਬਰ 2024 (ਫਤਿਹ ਪੰਜਾਬ) ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੰਜਾਬ ਵਿੱਚ ਪਾਰਟੀ ਪ੍ਰਧਾਨ ਦੀ ਕਮਾਨ ਲੈ ਕੇ ਹਿੰਦੂ ਚਿਹਰੇ ਤੇ ਮੰਤਰੀ ਅਮਨ ਅਰੋੜਾ ਨੂੰ ਪ੍ਰਧਾਨਗੀ ਸੌਂਪ ਦਿੱਤੀ ਹੈ। ਇਸ ਸੰਬੰਧੀ ਯੋਜਨਾ ਪਿਛਲੇ ਲੰਮੇ ਸਮੇਂ ਤੋਂ ਪਾਰਟੀ ਵਲੋਂ ਤਿਆਰ ਕੀਤੀ ਜਾ ਰਹੀ ਸੀ।
ਜਾਣਕਾਰੀ ਮੁਤਾਬਕ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਭਾਜਪਾ ਦੀ ਤਰਜ਼ ਉਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਜਿਹੇ ਬਦਲਾਅ ਸਬੰਧੀ ਵਿਚਾਰ ਕੀਤਾ ਸੀ ਜੋ ਕਿਸੇ ਕਾਰਨ ਉਸ ਵੇਲੇ ਸਿਰੇ ਨਹੀਂ ਚੜ੍ਹ ਸਕਿਆ। ਪਰ ਹੁਣ ਇਸ ਯੋਜਨਾ ਉੱਪਰ ਅਮਲ ਕਰਦਿਆਂ ਮਾਲਵੇ ਦੇ ਸ਼ਹਿਰ ਸੁਨਾਮ ਤੋਂ ਦੋ ਵਾਰ ਦੇ ਵਿਧਾਇਕ ਅਰੋੜਾ ਨੂੰ ਇਹ ਵੱਡੀ ਜਿੰਮੇਵਾਰੀ ਸੌਂਪੀ ਹੈ ਅਤੇ ਨਾਲ ਹੀ ਮਾਝੇ ਦੇ ਬਟਾਲਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਹੈ।
ਭਾਜਪਾ ਨੇ ਪੰਜਾਬ ‘ਚ ਵੱਡਾ ਦਾਅ ਖੇਡਦਿਆਂ ਵੱਡੇ ਹਿੰਦੂ ਚਿਹਰੇ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਸੌਂਪੀ ਸੀ ਅਤੇ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਭਾਵੇਂ ਇਕ ਵੀ ਸੀਟ ਨਹੀਂ ਆਈ ਪਰ ਵੋਟ ਬੈਂਕ ਵਿਚ ਭਾਜਪਾ ਦੀ ਉਮੀਦ ਤੋਂ ਵੀ ਕਿਤੇ ਜ਼ਿਆਦਾ ਵੱਡਾ ਵਾਧਾ ਦੇਖਣ ਨੂੰ ਮਿਲਿਆ।
ਭਾਜਪਾ ਨੇ ਹਿੰਦੂ ਵੋਟ ਬੈਂਕ ਦੇ ਨਾਲ-ਨਾਲ ਸਿੱਖ ਵੋਟ ਬੈਂਕ ਨੂੰ ਕਾਇਲ ਕਰਨ ਸੰਬੰਧੀ ਬਣਾਈ ਰਣਨੀਤੀ ਤਹਿਤ ਚੋਣਾਂ ਮਗਰੋਂ ਸਿੱਖ ਚਿਹਰੇ ਵਜੋਂ ਰਵਨੀਤ ਸਿੰਘ ਬਿੱਟੂ ਨੂੰ ਹਾਰਨ ਦੇ ਬਾਵਜੂਦ ਵੀ ਕੇਂਦਰੀ ਮੰਤਰੀ ਮੰਡਲ ‘ਚ ਸ਼ਾਮਿਲ ਕਰਕੇ ਮਹੱਤਵਪੂਰਨ ਰੇਲ ਮੰਤਰਾਲਾ ਤੱਕ ਸੌਂਪ ਦਿੱਤਾ।
ਪਤਾ ਲੱਗਾ ਹੈ ਕਿ ਕਾਂਗਰਸ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਹਿੰਦੂ ਭਾਈਚਾਰੇ ਨੂੰ ਕਾਇਲ ਕਰਨ ਦੀ ਰਣਨੀਤੀ ‘ਤੇ ਵਿਚਾਰ ਕਰ ਰਹੀ ਹੈ ਅਤੇ ਮੌਜੂਦਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹਟਾ ਕੇ ਕਿਸੇ ਹਿੰਦੂ ਚਿਹਰੇ ਨੂੰ ਕਮਾਨ ਸੌਂਪਣ ‘ਤੇ ਫ਼ੈਸਲਾ ਲਗਪਗ ਲੈ ਲਿਆ ਗਿਆ ਦੱਸਿਆ ਜਾ ਰਿਹਾ ਹੈ।