ਅੰਮ੍ਰਿਤਸਰ, 30 ਮਾਰਚ 2025 (ਫਤਹਿ ਪੰਜਾਬ ਬਿਊਰੋ) – ਮੋਹਾਲੀ ਦੀ ਅਦਾਲਤ ਵੱਲੋਂ ਬਲਾਤਕਾਰ ਦੇ ਇੱਕ ਮੁਕੱਦਮੇ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਇੱਕ ਦਿਨ ਬਾਅਦ ਆਪੂੰ ਬਣੇ ‘ਪਾਸਟਰ’ ਅਤੇ ‘ਪੈਗੰਬਰ’ ਕਹਾਉਂਦੇ ਬਜਿੰਦਰ ਸਿੰਘ ‘ਤੇ ਦੋ ਹੋਰ ਔਰਤਾਂ ਨੇ ਯੌਨ ਸ਼ੋਸ਼ਣ ਅਤੇ ਦੁਰਵਿਵਹਾਰ ਦੇ ਗੰਭੀਰ ਦੋਸ਼ ਲਾਏ ਹਨ। ਇਹ ਮਾਮਲੇ ਅੱਜ ਉਦੋਂ ਸਾਹਮਣੇ ਆਏ ਜਦੋਂ ਇਹਨਾਂ ਔਰਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ।
ਅਕਾਲ ਤਖ਼ਤ ਸਕੱਤਰੇਤ ਵੱਲੋਂ ਜਾਰੀ ਬਿਆਨ ਵਿੱਚ ਇਸ ਮੁਲਾਕਾਤ ਦੀ ਪੁਸ਼ਟੀ ਕਰਦਿਆਂ ਦੱਸਿਆ ਗਿਆ ਕਿ ਔਰਤਾਂ ਨੇ ਬਜਿੰਦਰ ‘ਤੇ ਉਸ ਵੱਲੋਂ ਡੇਰੇ ਵਿੱਚ ਉਹਨਾਂ ਨਾਲ ਦੁਰਵਿਵਹਾਰ ਅਤੇ ਯੋਨ ਸ਼ੋਸ਼ਣ ਕਰਨ ਦੇ ਇਲਜਾਮ ਲਾਏ ਹਨ। ਬਿਆਨ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਮੁਕੱਦਮਾ ਦਰਜ ਕੀਤਾ ਜਾ ਚੁੱਕਾ ਹੈ।
ਪੀੜਤ ਔਰਤਾਂ ਨੇ ਦੱਸਿਆ ਕਿ ਮੁਕੱਦਮਾ ਦਰਜ ਹੋਣ ਦੇ ਬਾਵਜੂਦ ਪੰਜਾਬ ਪੁਲਿਸ ਵੱਲੋਂ ਹਾਲੇ ਤੱਕ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਉਹਨਾਂ ਨੂੰ ਲੰਬੇ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਇਸ ਕਰਕੇ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਇਨਸਾਫ਼ ਲੈਣ ਲਈ ਪਹੁੰਚ ਕੀਤੀ ਹੈ। ਜਥੇਦਾਰ ਨੇ ਪੰਜਾਬ ਸਰਕਾਰ ਨੂੰ ਇਸ ਮੁਕੱਦਮੇ ਵਿੱਚ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਪੀੜਤ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਬਿਆਨ ਵਿੱਚ ਜਥੇਦਾਰ ਨੇ ਔਰਤਾਂ ਦੀ ਹਿੰਮਤ ਦੀ ਪ੍ਰਸ਼ੰਸਾ ਕੀਤੀ ਅਤੇ ਉਹਨਾਂ ਨੂੰ ਗੁਰੂ ਸਾਹਿਬ ਤੇ ਭਰੋਸਾ ਰੱਖਣ ਦਾ ਸੰਦੇਸ਼ ਦਿੱਤਾ।
ਮੀਡੀਆ ਨਾਲ ਗੱਲਬਾਤ ਕਰਦਿਆਂ ਇੱਕ ਪੀੜਤ ਔਰਤ, ਜੋ ਇੱਕ ਵਾਇਰਲ ਵੀਡੀਓ ਵਿੱਚ ਦਿਖਾਈ ਦੇ ਰਹੀ ਹੈ ਜਿੱਥੇ ਬਜਿੰਦਰ ਨੂੰ ਕਿਸੇ ਔਰਤ ਨੂੰ ਥੱਪੜ ਮਾਰਦੇ ਦਿਖਾਇਆ ਗਿਆ ਹੈ, ਨੇ ਦੱਸਿਆ ਕਿ ਜਥੇਦਾਰ ਨਾਲ ਮੁਲਾਕਾਤ ਤੋਂ ਬਾਅਦ ਉਹਨਾਂ ਨੂੰ ਨਿਆਂ ਦੀ ਉਮੀਦ ਬੱਝੀ ਹੈ। ਉਸਨੇ ਦੱਸਿਆ ਕਿ ਉਹ ਬਜਿੰਦਰ ਦੀ ਚਰਚ ਵਿੱਚ ਪਿਛਲੇ 10 ਸਾਲ ਤੋਂ ਵੱਧ ਸਮੇਂ ਤੋਂ ਜਾਂਦੀ ਰਹੀ ਹੈ ਅਤੇ ਪਿਛਲੇ 6-7 ਸਾਲਾਂ ਤੋਂ ਉਸਦੇ ਡੇਰੇ ਵਿੱਚ ਸੇਵਾ ਕਰ ਰਹੀ ਸੀ।
ਗੌਰਤਲਬ ਹੈ ਕਿ ਹਰਿਆਣਾ ਨਿਵਾਸੀ ਬਜਿੰਦਰ ਸਿੰਘ 2016 ਤੋਂ ਪਿੰਡ ਤਾਜਪੁਰ ਜਿਲ੍ਹਾ ਜਲੰਧਰ ਵਿੱਚ ‘ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਨਾਮਕ ਚਰਚ ਚਲਾਉਂਦਾ ਹੈ, ਜਿਸਦੇ ਖਿਲਾਫ਼ ਪਹਿਲਾਂ ਵੀ ਕਈ ਵਿਵਾਦ ਰਹੇ ਹਨ। ਹੁਣ ਨਵੇਂ ਦਾਅਵਿਆਂ ਨੇ ਬਜਿੰਦਰ ਖਿਲਾਫ ਚੱਲ ਰਹੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
