ਪੰਜਾਬ ਸਰਕਾਰ ਨੇ ਲੋਹੜੀ ਬੰਪਰ ਲਾਟਰੀ ਚ ਰੱਖੇ ਕੁੱਲ 68,819 ਵੱਖ-ਵੱਖ ਇਨਾਮ
ਚੰਡੀਗੜ੍ਹ, 3 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਲੋਹੜੀ ਮੱਕਰ ਸੰਕ੍ਰਾਂਤੀ ਬੰਪਰ ਲਾਟਰੀ 2025 ਲਈ ਇਨਾਮੀ ਰਾਸ਼ੀ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਕਰਕੇ ਹੁਣ ਕੁੱਲ 10 ਕਰੋੜ ਰੁਪਏ ਦਾ ਇਨਾਮ ਜਿੱਤਿਆ ਜਾ ਸਕਦਾ ਹੈ। ਇਹ ਰਣਨੀਤਕ ਕਦਮ ਦੂਜੇ ਰਾਜਾਂ ਦੀਆਂ ਲਾਟਰੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਨਾਲ-ਨਾਲ ਸੂਬੇ ਦੇ ਵਿਕਾਸ ਵਿੱਚ ਯੋਗਦਾਨ ਪਾਉਂਦੇ ਹੋਏ ਵੱਡੇ ਇਨਾਮ ਜਿੱਤਣ ਦਾ ਰੋਮਾਂਚਕ ਮੌਕਾ ਪ੍ਰਦਾਨ ਕਰਨ ਲਈ ਪੁੱਟਿਆ ਗਿਆ ਹੈ।
ਇੱਕ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪਹਿਲਕਦਮੀ ਰਾਜ ਦੇ ਮਾਲੀਏ ਨੂੰ ਹੁਲਾਰਾ ਦੇਣ ਅਤੇ ਪੰਜਾਬ ਦੀ ਲਾਟਰੀ ਮਾਰਕੀਟ ਨੂੰ ਹੋਰਨਾਂ ਦੇ ਮੁਕਾਬਲੇ ਵਧੇਰੇ ਆਕਰਸ਼ਕ ਬਣਾਉਣ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਉਨਾਂ ਕਿਹਾ ਕਿ ਇਹ ਲਾਟਰੀ ਨਾ ਸਿਰਫ ਮਹੱਤਵਪੂਰਨ ਇਨਾਮ ਜਿੱਤਣ ਦਾ ਮੌਕਾ ਹੈ, ਬਲਕਿ ਸਰਕਾਰ ਦੀਆਂ ਸਰਕਾਰੀ ਲਾਟਰੀਆਂ ਤੋਂ ਪੈਦਾ ਹੋਣ ਵਾਲੀ ਆਮਦਨ ਸਿੱਧੇ ਤੌਰ ‘ਤੇ ਵਿਕਾਸ ਪ੍ਰਾਜੈਕਟਾਂ ਉਤੇ ਖਰਚ ਕੀਤੀ ਜਾਂਦੀ ਹੈ ਜਿੰਨ੍ਹਾਂ ਤੋਂ ਸੂਬੇ ਦੇ ਸਾਰੇ ਲੋਕਾਂ ਨੂੰ ਫਾਇਦਾ ਪਹੁੰਚਦਾ ਹੈ।
ਇਨਾਮਾਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ 500 ਰੁਪਏ ਦਾ ਲਾਟਰੀ ਟਿਕਟ ਨਾਲ ਪਹਿਲਾ ਇਨਾਮ 10 ਕਰੋੜ ਰੁਪਏ, ਦੂਸਰੇ ਇਨਾਮ ਲਈ 1 ਕਰੋੜ ਰੁਪਏ, ਤੀਸਰੇ ਲਈ 50 ਲੱਖ ਰੁਪਏ, ਅਤੇ ਹੋਰ ਕਈ ਇਨਾਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਲਾਟਰੀ ਤਹਿਤ ਕੁੱਲ 68,819 ਇਨਾਮਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਦੀ ਕੁੱਲ ਇਨਾਮੀ ਰਾਸ਼ੀ 23,47,90,000 ਰੁਪਏ ਹੈ।