ਬਿਜਲੀ ਦੀ ਵਧੀ ਮੰਗ ਕਰਨ ਗਰਿੱਡ ਫੇਲ੍ਹ ਹੋਣ ਤੋਂ ਰੋਕਣ ਲਈ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ
ਬਿਜਲੀ ਚੋਰਾਂ ਉਤੇ NSA ਲਾਉਣ ਤੇ ਮੁਫ਼ਤ ਬਿਜਲੀ ਦੇਣ ਬਾਰੇ ਤੁਰੰਤ ਵਿਚਾਰਨ ਦੀ ਮੰਗ
ਚੰਡੀਗੜ੍ਹ 17 ਜੂਨ 2024 (ਫਤਿਹ ਪੰਜਾਬ) ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਗਰਮੀਆਂ ਵਿੱਚ ਬਿਜਲੀ ਦੀ ਮੰਗ ਵਿੱਚ 43 ਫੀਸਦ ਦੇ ਤਿੱਖੇ ਵਾਧੇ ਕਾਰਨ ਪੰਜਾਬ ਵਿੱਚਲੇ ਬਿਜਲੀ ਗਰਿੱਡਾਂ ਵਿੱਚ ਗੰਭੀਰ ਗੜਬੜੀ ਹੋਣ ਦੀ ਚੇਤਾਵਨੀ ਦਿੱਤੀ ਹੈ।
ਇਸ ਸਥਿਤੀ ਦੇ ਮੱਦੇਨਜਰ ਉਨ੍ਹਾਂ ਪੰਜਾਬ ਵਿੱਚ ਦਫ਼ਤਰਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਤਬਦੀਲ ਕਰਨ, ਸਾਰੇ ਮਾਲ ਅਤੇ ਦੁਕਾਨਾਂ ਸ਼ਾਮ 7 ਵਜੇ ਤੱਕ ਬੰਦ ਕਰਨ ਅਤੇ ਕੇਂਦਰੀ ਪੂਲ ਤੋਂ 1000 ਮੈਗਾਵਾਟ ਬਿਜਲੀ ਦਾ ਤੁਰੰਤ ਪ੍ਰਬੰਧ ਕਰਨ ਦੀ ਬੇਨਤੀ ਕੀਤੀ ਹੈ।
ਉਨਾਂ ਚੇਤਾਵਨੀ ਦਿੱਤੀ ਹੈ ਕਿ ਜਦੋਂ ਬਿਜਲੀ ਦੀ ਉਪਲਬਧਤਾ ਅਤੇ ਸਪਲਾਈ ਦੀ ਸਥਿਤੀ ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਹੈ, ਤਾਂ ਅਜਿਹੇ ਮੌਕੇ ਨਾ ਭਾਰਤ ਸਰਕਾਰ ਅਤੇ ਨਾ ਹੀ ਰਾਜ ਸਰਕਾਰ ਨੇ ਬਿਜਲੀ ਦੀ ਵਧਦੀ ਮੰਗ ਨੂੰ ਕੰਟਰੋਲ ਕਰਨ ਲਈ ਕੋਈ ਕਦਮ ਚੁੱਕੇ ਹਨ। ਜੇਕਰ ਸਥਿਤੀ ਇਸੇ ਤਰ੍ਹਾਂ ਚਲਦੀ ਰਹਿੰਦੀ ਹੈ, ਤਾਂ ਰਾਜ ਦੇ ਬਿਜਲੀ ਗਰਿੱਡਾਂ ਵਿੱਚ ਗੜਬੜੀ ਹੋਣ ਦੀ ਕਾਫ਼ੀ ਸੰਭਾਵਨਾ ਹੈ।
ਉਨਾਂ ਕਿਹਾ ਹੈ ਕਿ ਪੰਜਾਬ ਰਾਜ ਵਿੱਚ, 1 ਤੋਂ 15 ਜੂਨ, 2024 ਦਰਮਿਆਨ ਬਿਜਲੀ ਦੀ ਖਪਤ 2023 ਦੀ ਇਸੇ ਮਿਆਦ ਦੇ ਮੁਕਾਬਲੇ 43 ਫੀਸਦ ਵਧ ਗਈ ਹੈ ਭਾਵ ਜੂਨ 2023 ਵਿੱਚ ਵੱਧ ਤੋਂ ਵੱਧ ਮੰਗ 11309 ਮੈਗਾਵਾਟ ਤੋਂ ਵਧ ਕੇ ਜੂਨ 2024 ਵਿੱਚ 15775 ਮੈਗਾਵਾਟ ਹੋ ਗਈ ਹੈ। ਇਸ ਤੋਂ ਇਲਾਵਾ ਹੁਣ ਪੂਰੇ ਪੰਜਾਬ ਰਾਜ ਵਿੱਚ ਝੋਨੇ ਦੀ ਕਾਸ਼ਤ ਕਾਰਨ ਜੂਨ ਦੇ ਅੰਤ ਤੱਕ ਵਾਧੂ ਖੇਤੀ ਲੋਡ ਹੋਰ ਵਧਣ ਦੀ ਸੰਭਾਵਨਾ ਹੈ, ਜਿਸ ਨਾਲ ਬਿਜਲੀ ਮੰਗ ਦੀ ਬੇਕਾਬੂ ਸਥਿਤੀ ਪੈਦਾ ਹੋ ਸਕਦੀ ਹੈ।
ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਨੇ ਲਿਖਿਆ ਹੈ ਕਿ ਭਾਰਤ ਵਿੱਚ ਸਭ ਤੋਂ ਕੁਸ਼ਲ ਅਤੇ ਲੋਕ-ਪੱਖੀ ਮੁੱਖ ਮੰਤਰੀ ਮੰਨਦੇ ਹੋਏ ਇਸ ਪੱਤਰ ਵਿੱਚ ਸੂਚੀਬੱਧ ਬਿਜਲੀ ਦੀ ਖਪਤ ਨੂੰ ਕੰਟਰੋਲ ਕਰਨ ਲਈ ਪਹਿਲਕਦਮੀਆਂ ਦੀ ਅਗਵਾਈ ਕਰਨ ਲਈ ਬੇਨਤੀ ਕਰਦੇ ਹਾਂ। ਉਨਾਂ ਕਿਹਾ ਹੈ ਕਿ ਜੇਕਰ ਇਸ ਪੱਤਰ ਵਿੱਚ ਦੁਹਰਾਏ ਗਏ ਕਦਮਾਂ ਨੂੰ ਤੁਰੰਤ ਲਾਗੂ ਨਾ ਤਾਂ ਸਥਿਤੀ ਹੋਰ ਗੰਭੀਰ ਹੋ ਸਕਦੀ ਹੈ।
ਇੰਜੀਨੀਅਰ ਫੈਡਰੇਸ਼ਨ ਨੇ ਉਦਯੋਗਾਂ ‘ਤੇ ਪੀਕ ਲੋਡ ‘ਤੇ ਪਾਬੰਦੀਆਂ ਲਗਾਉਣ ਦੀ ਮੰਗ ਕਰਦਿਆਂ ਕੇਂਦਰੀ ਪੂਲ ਤੋਂ ਘੱਟੋ-ਘੱਟ 1000 ਮੈਗਾਵਾਟ ਵਾਧੂ ਬਿਜਲੀ ਦੀ ਅਲਾਟਮੈਂਟ ਕਰਨ ਲਈ ਭਾਰਤ ਸਰਕਾਰ ਦੇ ਬਿਜਲੀ ਮੰਤਰੀ ਨਾਲ ਸੰਪਰਕ ਕਰਨ ਲਈ ਕਿਹਾ ਹੈ।
ਇਸ ਤੋਂ ਇਲਾਵਾ ਪੰਜਾਬ ਰਾਜ ਦੇ ਬਾਕੀ ਰਹਿੰਦੇ ਖੇਤਰਾਂ ਵਿੱਚ ਝੋਨੇ ਦੀ ਬਿਜਾਈ 25 ਜੂਨ ਨੂੰ ਕੀਤੀ ਜਾਵੇ ਅਤੇ ਕਿਸੇ ਨੂੰ ਵੀ ਇਸ ਮਿਤੀ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ। ਪੂਸਾ 44 ਵਰਗੀਆਂ ਪਾਣੀ ਦੀ ਵੱਧ ਖੱਪਤ ਵਾਲੀਆਂ ਕਿਸਮਾਂ ‘ਤੇ ਫੌਰੀ ਪਾਬੰਦੀ ਲਗਾਈ ਜਾਵੇ ਅਤੇ 90 ਦਿਨਾਂ ਵਿੱਚ ਪੱਕਣ ਵਾਲੀਆਂ ਪੀਆਰ 126, ਬਾਸਮਤੀ ਆਦਿ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਉੱਨਾਂ ਇਹ ਵੀ ਮੰਗ ਕੀਤੀ ਹੈ ਕਿ ਬਿਜਲੀ ਦੀ ਚੋਰੀ ਨੂੰ ਕੌਮੀ ਸੁਰੱਖਿਆ ਕਾਨੂੰਨ NSA ਦੇ ਤਹਿਤ ਇੱਕ ਜੁਰਮ ਬਣਾ ਕੇ ਬਿਜਲੀ ਚੋਰਾਂ ਉਪਰ ਇਹ ਕਾਨੂੰਨ ਲਾਗੂ ਕੀਤਾ ਜਾਵੇ ਅਤੇ ਰਾਜ ਦੀ ਨੀਤੀ ਵਜੋਂ ਹਰ ਕਿਸੇ ਨੂੰ ਮੁਫ਼ਤ ਬਿਜਲੀ ਦੇਣ ਦੀ ਤੁਰੰਤ ਸਮੀਖਿਆ ਕੀਤੀ ਜਾਵੇ।