ਪੰਜਾਬ ’ਚ 59 ਲੱਖ ਪਸ਼ੂਆਂ ਨੂੰ ਲਾਏ ਵੈਕਸੀਨ – 30 ਜੂਨ ਤੱਕ ਸਾਰੇ ਪਸ਼ੂਆਂ ਦੇ ਲੱਗਣਗੇ ਟੀਕੇ : ਗੁਰਮੀਤ ਸਿੰਘ ਖੁੱਡੀਆਂ
ਚੰਡੀਗੜ੍ਹ, 23 ਜੂਨ 2024 (ਫਤਿਹ ਪੰਜਾਬ) ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਸੂਬੇ ਵਿੱਚ 58.93 ਲੱਖ ਤੋਂ ਵੱਧ ਪਸ਼ੂਆਂ ਨੂੰ ਮੂੰਹ-ਖੁਰ ਅਤੇ ਗਲਘੋਟੂ ਦੀ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਏ ਜਾ ਚੁੱਕੇ ਹਨ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 30 ਜੂਨ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਕੁੱਲ 65,47,407 ਪਸ਼ੂਧਨ ਜਿਸ ਵਿੱਚ 25,31,460 ਗਾਵਾਂ ਅਤੇ 40,15,947 ਮੱਝਾਂ ਸ਼ਾਮਲ ਹਨ, ਦਾ ਟੀਕਾਕਰਨ ਹਰ ਹਾਲ ਕੀਤਾ ਜਾਵੇ।
ਮੰਤਰੀ ਨੇ ਪਸ਼ੂਆਂ ਨੂੰ ਅਜਿਹੀਆਂ ਘਾਤਕ ਅਤੇ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਕਾਂ ਨੂੰ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕਰਦਿਆਂ ਦੱਸਿਆ ਕਿ ਸਾਰੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਇਕ ਵੀ ਪਸ਼ੂ ਟੀਕਾਕਰਨ ਖੁਣੋਂ ਨਾ ਰਹਿ ਜਾਵੇ ਕਿਉਂਕਿ ਇਹ ਬਿਮਾਰੀਆਂ ਪਸ਼ੂਆਂ ਦੀ ਸਰੀਰਕ ਸਮਰੱਥਾ ਦੇ ਨਾਲ ਦੁੱਧ ਦੀ ਪੈਦਾਵਾਰ ਵੀ ਘਟਾਉਂਦੀਆਂ ਹਨ।
ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 90 ਫੀਸਦੀ ਤੋਂ ਵੱਧ ਪਸ਼ੂਆਂ ਨੂੰ ਮੂੰਹ-ਖੁਰ ਤੋਂ ਅਤੇ 85.3 ਫੀਸਦੀ ਪਸ਼ੂਆਂ ਨੂੰ ਗਲਘੋਟੂ ਤੋਂ ਬਚਾਅ ਲਈ ਵੈਕਸੀਨ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਵੈਕਸੀਨ ਸੂਬੇ ਦੀਆਂ ਸਾਰੀਆਂ ਵੈਟਰਨਰੀ ਸੰਸਥਾਵਾਂ ਵਿੱਚ ਉਪਲਬਧ ਹਨ ਅਤੇ ਕੋਈ ਵੀ ਪਸ਼ੂ ਪਾਲਕ ਟੀਕਾਕਰਨ ਲਈ ਆਪਣੀ ਨੇੜਲੀ ਵੈਟਰਨਰੀ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਨੇ ਟੀਕਾਕਰਨ ਮੁਹਿੰਮ ਨਾਲ ਜੁੜੇ ਫੀਲਡ ਸਟਾਫ ਨੂੰ ਸਪੱਸ਼ਟ ਤੌਰ ’ਤੇ ਕਿਹਾ ਕਿ ਟੀਕਾਕਰਨ ਵਿੱਚ ਕਿਸੇ ਕਿਸਮ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।