ਚੰਡੀਗੜ੍ਹ 22 ਫਰਵਰੀ 2025 (ਫਤਿਹ ਪੰਜਾਬ ਬਿਉਰੋ) ਪੰਜਾਬ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਪ੍ਰਬੰਧਕੀ ਜ਼ਰੂਰਤਾਂ ਅਤੇ ਲੋਕ ਹਿੱਤ ਨੂੰ ਮੁੱਖ ਰੱਖਦਿਆਂ ਪੰਜਾਬ ਸਿਵਲ ਸਕੱਤਰੇਤ ਦੇ ਪ੍ਰਸ਼ਾਸਕੀ ਅਫ਼ਸਰ-1 ਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰਦਿਆਂ ਮੁੜ ਸੁਪਰਡੈਂਟ ਦੇ ਅਹੁਦੇ ਤੇ ਲਾ ਦਿੱਤਾ ਹੈ।
ਵਿਭਾਗ ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਵਿੱਚ ਅਮਨਦੀਪ ਸਿੰਘ ਪ੍ਰਸ਼ਾਸਕੀ ਅਫ਼ਸਰ-1 ਨੂੰ ਅਧੀਨ ਸੇਵਾਵਾਂ ਚੋਣ ਬੋਰਡ ਵਿੱਚ ਅਰੁਣ ਕੁਮਾਰ ਸੁਪਰਡੈਂਟ ਦੀ ਥਾਂ ਤਬਾਦਲਾ ਕਰ ਦਿੱਤਾ ਗਿਆ ਹੈ ਜਿਸ ਨੇ ਕਮਾਈ ਛੁੱਟੀ ਲਈ ਹੋਈ ਹੈ। ਸੁਖਵਿੰਦਰ ਸਿੰਘ ਸੁਪਰਡੈਂਟ ਅਮਲਾ ਸ਼ਾਖਾ -5, ਨੂੰ ਸਕੱਤਰੇਤ ਦੇ ਪ੍ਰਸ਼ਾਸਕੀ ਅਫ਼ਸਰ-1 ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ ਦੇ ਦਿੱਤਾ ਗਿਆ ਹੈ।
ਇੰਨਾਂ ਅਧਿਕਾਰੀਆਂ ਨੂੰ ਹੁਕਮ ਕੀਤੇ ਗਏ ਹਨ ਕਿ ਇਹ ਤੁਰੰਤ ਪ੍ਰਭਾਵ ਤੋਂ ਆਪਣੇ ਆਪ ਨੂੰ ਰਿਲੀਵ ਸਮਝਦੇ ਹੋਏ ਤੁਰੰਤ ਆਪਣੇ ਨਵੇਂ ਤਾਇਨਾਤੀ ਵਾਲੇ ਸਥਾਨ ਤੇ ਆਪਣੇ ਹਾਜ਼ਰੀ ਰਿਪੋਰਟ ਦੀ ਕਾਪੀ ਅਧੀਨ ਸਕੱਤਰ ਸਕੱਤਰੇਤ ਪ੍ਰਸ਼ਾਸਨ ਅਤੇ ਅਧੀਨ ਸਕੱਤਰ ਲੇਖਾ ਨੂੰ ਤੁਰੰਤ ਭੇਜਣਾ ਯਕੀਨੀ ਬਣਾਉਣਗੇ। ਇਹ ਵੀ ਸਖਤੀ ਕੀਤੀ ਗਈ ਹੈ ਕਿ ਜੇਕਰ ਅਧਿਕਾਰੀ ਆਪਣੀ ਨਵੀਂ ਤਾਇਨਾਤੀ ਵਾਲੇ ਸਥਾਨ ਤੇ ਤੁਰੰਤ ਹਾਜ਼ਰ ਨਹੀਂ ਹੁੰਦਾ ਤਾਂ ਅਧੀਨ ਸਕੱਤਰ ਲੇਖਾ ਵੱਲੋਂ ਉੱਨਾਂ ਦੀ ਤਨਖਾਹ ਬੰਦ ਕਰ ਦਿੱਤੀ ਜਾਵੇਗੀ।
