ਪੂਜਾ ਗੁਪਤਾ ਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੂੰ ਲਾਇਆ State Information Commissioner
ਚੰਡੀਗੜ੍ਹ 27 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਨੇ ਪੂਜਾ ਗੁਪਤਾ ਅਤੇ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨਰ ਲਾਇਆ ਹੈ। ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 8 ਦੀ ਵਸਨੀਕ ਪੂਜਾ ਗੁਪਤਾ ਉੱਘੀ ਸਮਾਜ ਸੇਵਿਕਾ ਤੇ ਸਿੱਖਿਆ ਸ਼ਾਸਤਰੀ ਹੈ। ਉਸ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕਾਮਰਸ ਵਿਸ਼ੇ ਵਿੱਚ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਪਾਸ ਕੀਤੀ ਹੈ।
ਪੂਜਾ ਗੁਪਤਾ ਦੇ ਪਤੀ ਸੁਨੀਲ ਗੁਪਤਾ ਸ਼ਹਿਰ ਦੇ ਪ੍ਰਮੁੱਖ ਚਾਰਟਰਡ ਅਕਾਊਂਟੈਂਟ ਹਨ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦਾ ਉਪ ਚੇਅਰਮੈਨ ਲਗਾ ਕੇ ਕੈਬਨਿਟ ਰੈਂਕ ਦਿੱਤਾ ਹੋਇਆ ਹੈ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਖਜ਼ਾਨਚੀ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਮੁਹਾਲੀ ਦੀ ਗਵਰਨਿੰਗ ਬਾਡੀ ਦੇ ਮੈਂਬਰ ਵੀ ਹਨ।
ਲੁਧਿਆਣਾ ਨਿਵਾਸੀ ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਕੋਲ ਕਾਨੂੰਨ ਅਤੇ ਜਨਤਕ ਸੇਵਾ ਵਿੱਚ ਕਈ ਸਾਲਾਂ ਦਾ ਤਜਰਬਾ ਹੈ। ਟੀ.ਐਸ. ਸੰਧੂ ਦੇ ਪੁੱਤਰ ਹੋਣ ਦੇ ਨਾਤੇ, ਐਡਵੋਕੇਟ ਸੰਧੂ ਦਾ ਕਾਨੂੰਨੀ ਪਿਛੋਕੜ ਕਾਫੀ ਮਜ਼ਬੂਤ ਹੈ ਅਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਦੀ ਡੂੰਘੀ ਸਮਝ ਹੈ। ਉਹ ਪਹਿਲਾਂ ਪੰਜਾਬ ਦੇ ਵਧੀਕ ਐਡਵੋਕੇਟ ਜਨਰਲ ਵਜੋਂ ਸੇਵਾ ਨਿਭਾਅ ਚੁੱਕੇ ਹਨ ਅਤੇ ਇੱਕ ਪ੍ਰਸਿੱਧ ਲੇਖਕ ਅਤੇ ਕੁਦਰਤ ਕਲਾਕਾਰ ਵਜੋਂ ਜਾਣੇ ਜਾਂਦੇ ਹਨ। ਸੰਧੂ ਨੇ ਕਾਨੂੰਨੀ ਤੁਲਨਾਤਮਕ ਅਧਿਐਨਾਂ ‘ਤੇ ਕੇਂਦ੍ਰਿਤ ਚਾਰ ਕਿਤਾਬਾਂ ਲਿਖੀਆਂ ਹਨ, ਜੋ ਵੱਖ-ਵੱਖ ਦੇਸ਼ਾਂ ਦੇ ਕਾਨੂੰਨੀ ਢਾਂਚੇ ਦਾ ਭਾਰਤ ਨਾਲ ਵਿਸ਼ਲੇਸ਼ਣ ਅਤੇ ਤੁਲਨਾ ਕਰਦੀਆਂ ਹਨ।