8 ADGPs ਦੀ ਤਰੱਕੀ ਫ਼ਿਲਹਾਲ ਰੁਕੀ, ਮੁੱਖ ਸਕੱਤਰ ਨੇ ਅਸਾਮੀਆਂ ’ਤੇ ਚੁੱਕੇ ਸਵਾਲ
ਚੰਡੀਗੜ੍ਹ, 17 ਦਸੰਬਰ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ (KAP) ਸਿਨਹਾ ਨੇ 1995 ਬੈਚ ਦੇ ਦੋ ਆਈਏਐਸ (IAS) ਅਧਿਕਾਰੀਆਂ ਨੂੰ ਵਧੀਕ ਮੁੱਖ ਸਕੱਤਰ ਵਜੋਂ ਤਰੱਕੀ ਦੇਣ ਲਈ ਮਨਜ਼ੂਰੀ ਦੇ ਦਿੱਤੀ ਹੈ ਅਤੇ ਅਮਲਾ ਵਿਭਾਗ ਨੂੰ 1995 ਬੈਚ ਦੇ ਦੋ IAS ਅਧਿਕਾਰੀਆਂ – ਜਸਪ੍ਰੀਤ ਤਲਵਾਰ ਅਤੇ ਦਿਲੀਪ ਕੁਮਾਰ – ਦੀ ਤਰੱਕੀ ਲਈ ਮੀਟਿੰਗ ਤੈਅ ਕਰਨ ਨੂੰ ਕਿਹਾ ਹੈ।
ਇਹ IAS ਅਧਿਕਾਰੀ ਪੰਜਾਬ ਕਾਡਰ ਵਿੱਚ ਮੌਜੂਦਾ ਖਾਲੀ ਅਹੁਦਿਆਂ ’ਤੇ ਤਰੱਕੀ ਪ੍ਰਾਪਤ ਕਰਨ ਜਾ ਰਹੇ ਹਨ ਕਿਉਂਕਿ VK ਸਿੰਘ, ਵਧੀਕ ਮੁੱਖ ਸਕੱਤਰ, ਦੀ ਰਿਟਾਇਰਮੈਂਟ ਨਾਲ ਇੱਕ ਅਹੁਦਾ ਖਾਲੀ ਹੋ ਗਿਆ ਹੈ, ਜਦਕਿ ਇੱਕ ਹੋਰ ਨਵਾਂ ਅਹੁਦਾ ਨਿਯਮਾਂ ਅਨੁਸਾਰ ਬਣਾਇਆ ਜਾ ਰਿਹਾ ਹੈ।
ਇਸ ਨਵੀਆਂ ਤਰੱਕੀਆਂ ਹੋਣ ਤੋਂ ਬਾਅਦ, ਪੰਜਾਬ ਵਿੱਚ ਮੁੱਖ ਸਕੱਤਰ ਅਤੇ ਵਧੀਕ ਮੁੱਖ ਸਕੱਤਰ ਰੈਂਕ ਦੇ 11 ਅਧਿਕਾਰੀ ਹੋ ਜਾਣਗੇ। ਇਸ ਸਮੇਂ, KAP ਸਿਨਹਾ ਤੋਂ ਇਲਾਵਾ, ਅਨਿਰੁਧ ਤਿਵਾੜੀ (1990 ਬੈਚ), ਸਰਵਜੀਤ ਸਿੰਘ ਅਤੇ ਰਾਜੀ ਪੀ ਸ੍ਰੀਵਾਸਤਵ (1992 ਬੈਚ) ਵਿਸ਼ੇਸ਼ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ, ਜਦਕਿ ਅਨੁਰਾਗ ਵਰਮਾ ਅਤੇ ਕੇ ਸਿਵਾ ਪ੍ਰਸਾਦ (1993 ਬੈਚ), ਵਿਕਾਸ ਪ੍ਰਤਾਪ, ਅਲੋਕ ਸ਼ੇਖਰ, ਧੀਰੇਂਦਰ ਕੁਮਾਰ ਤਿਵਾੜੀ, ਜੇਐਮ ਬਾਲਮੁਰੂਗਨ, ਅਤੇ ਤੇਜਵੀਰ ਸਿੰਘ (1994 ਬੈਚ) ਵਧੀਕ ਮੁੱਖ ਸਕੱਤਰ ਵਜੋਂ ਕੰਮ ਕਰ ਰਹੇ ਹਨ। ਇਸੇ ਰੈਂਕ ਦੇ ਤਿੰਨ ਅਧਿਕਾਰੀ – ਅਨੁਰਾਗ ਅਗਰਵਾਲ, ਸੀਮਾ ਜੈਨ ਅਤੇ ਰਾਕੇਸ਼ ਕੁਮਾਰ – ਕੇਂਦਰੀ ਡੈਪਿਊਟੇਸ਼ਨ ’ਤੇ ਹਨ।
ADGPs ਦੀਆਂ ਤਰੱਕੀਆਂ ’ਤੇ ਵਿਵਾਦ
ਇਸ ਦੌਰਾਨ, ਅੱਠ ਐਡਿਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ (ADGPs) ਨੂੰ ਡਾਇਰੈਕਟਰ ਜਨਰਲ ਆਫ ਪੁਲਿਸ (DGPs) ਵਜੋਂ ਤਰੱਕੀ ਦੇਣ ਦੇ ਮਸਲੇ ’ਤੇ ਵਿਵਾਦ ਬਣਿਆ ਹੋਇਆ ਹੈ, ਜਿਸ ਉਪਰ ਮੁੱਖ ਸਕੱਤਰ ਵੱਲੋਂ ਕੁੱਝ ਪ੍ਰੇਖਣ ਲਾਏ ਗਏ ਹਨ।
ADGPs ਦੀਆਂ ਤਰੱਕੀਆਂ ’ਤੇ ਰੋਕ ਲਗਾਉਂਦੇ ਹੋਏ, KAP ਸਿਨਹਾ ਨੇ ਕਿਹਾ ਕਿ ਰਾਜ ਵਿੱਚ ਪਹਿਲਾਂ ਹੀ 15 DGP ਰੈਂਕ ਦੇ ਅਧਿਕਾਰੀ ਹਨ, ਜਿਸ ਨਾਲ ਪੁਲਿਸ ਫੋਰਸ ਵਿੱਚ ਅਸਾਮੀਆਂ ਤੋਂ ਵੱਧ ਅਧਿਕਾਰੀ ਹੋ ਗਏ ਹਨ। ਦੱਸ ਦੇਈਏ ਕਿ ਪੰਜਾਬ ਵਿੱਚ DGP ਦੇ ਅਹੁਦੇ ਮੌਜੂਦਾ ਨਿਯਮਾਂ ਤੋਂ ਬਹੁਤ ਜਿਆਦਾ ਬਣਾਏ ਜਾ ਚੁੱਕੇ ਹਨ ਜਿਸ ਕਰਕੇ ਸੂਬਾ ਸਰਕਾਰ IPS ਕਾਡਰ ਦੇ ਨਿਯਮਾਂ ਦੀ ਪਾਲਣਾ ਚਾਹੁੰਦੀ ਅਤੇ ਇਸੇ ਲਈ ਇੰਨਾਂ ਤਰੱਕੀਆਂ ਖ਼ਾਤਰ ਨਵੀਆਂ ਅਸਾਮੀਆਂ ਦੀ ਰਚਨਾ ਉੱਤੇ ਸਵਾਲ ਖੜ੍ਹੇ ਕੀਤੇ ਗਏ ਹਨ।