ਚੰਡੀਗੜ੍ਹ, 11 ਅਗਸਤ 2025 (ਫਤਿਹ ਪੰਜਾਬ ਬਿਊਰੋ) – ਸਰਕਾਰ ਵੱਲੋਂ ਪੰਜਾਬ ਵਾਸੀਆਂ ਨੂੰ ਸਾਫ਼-ਸੁਥਰੀਆਂ, ਪਾਰਦਰਸ਼ੀ ਅਤੇ ਜਵਾਬਦੇਹ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਭਰਤੀ ਕੀਤੇ ਗਏ 504 ਪਟਵਾਰੀਆਂ ਨੂੰ ਅੱਜ ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਿਯੁਕਤੀ ਪੱਤਰ ਸੌਂਪੇ।
ਇਥੇ ਮਿਊਂਸੀਪਲ ਭਵਨ ਵਿਖੇ ਨਿਯੁਕਤੀ ਪੱਤਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 18 ਮਹੀਨਿਆਂ ਦੀ ਲਾਜ਼ਮੀ ਸਿਖਲਾਈ ਪੂਰੀ ਕਰ ਚੁੱਕੇ ਇਨ੍ਹਾਂ ਪਟਵਾਰੀਆਂ ਨੂੰ ਫੀਲਡ ਵਿੱਚ ਬਤੌਰ ਰੈਗੂਲਰ ਪਟਵਾਰੀ ਤੈਨਾਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਸਾਲ 2023 ਵਿੱਚ ਮਾਲ ਪਟਵਾਰੀਆਂ ਦੀ ਭਰਤੀ ਉਪਰੰਤ ਯੋਗ ਉਮੀਦਵਾਰਾਂ ਨੂੰ ਮੈਰਿਟ ਅਨੁਸਾਰ ਜ਼ਿਲ੍ਹੇ ਅਲਾਟ ਕੀਤੇ ਸਨ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਉਮੀਦਵਾਰਾਂ ਨੂੰ ਇੱਕ ਸਾਲ ਦੀ ਟ੍ਰੇਨਿੰਗ ਪਟਵਾਰ ਸਕੂਲ ਵਿਖੇ ਅਤੇ 6 ਮਹੀਨੇ ਦੀ ਫੀਲਡ ਟ੍ਰੇਨਿੰਗ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਇੱਕ ਸਾਲ ਦੀ ਟ੍ਰੇਨਿੰਗ ਲਈ ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ 10 ਆਰਜ਼ੀ ਪਟਵਾਰ ਸਕੂਲ ਖੋਲ੍ਹੇ ਗਏ ਸੀ। ਇਨ੍ਹਾਂ ਸਕੂਲਾਂ ਵਿੱਚ ਪ੍ਰਿੰਸੀਪਲ, ਵਾਈਸ ਪ੍ਰਿੰਸੀਪਲ ਅਤੇ ਕਾਨੂੰਗੋ ਟੀਚਰ ਤਜਰਬੇਕਾਰ ਅਤੇ ਅਨੁਭਵ ਸੇਵਾ-ਮੁਕਤ ਪੀ.ਸੀ.ਐਸ. ਅਫਸਰਾਂ, ਜ਼ਿਲ੍ਹਾ ਮਾਲ ਅਫਸਰਾਂ, ਤਹਿਸੀਲਦਾਰਾਂ ਅਤੇ ਪਟਵਾਰੀ ਅਤੇ ਕਾਨੂੰਨਗੋਆਂ ਵਿੱਚੋਂ ਰੱਖੇ ਗਏ ਸਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਪਟਵਾਰੀਆਂ ਨੂੰ ਟ੍ਰੇਨਿੰਗ ਦੌਰਾਨ ਹਿਸਾਬ ਮੁਸਾਹਤ, ਲੈਂਡ ਰਿਕਾਰਡ, ਪੈਮਾਇਸ਼, ਰਿਕਾਰਡ ਦੀ ਤਿਆਰੀ, ਇਲੈਕਸ਼ਨ, ਮੁਰੱਬਾਬੰਦੀ, ਖੇਤੀਬਾੜੀ ਅਤੇ ਕੰਪਿਊਟਰ ਵਿਸ਼ਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਨ੍ਹਾਂ ਵਿਸ਼ਿਆਂ ਵਿਚੋਂ ਇਲੈਕਸ਼ਨ ਅਤੇ ਖੇਤੀਬਾੜੀ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ। ਇਲੈਕਸ਼ਨ ਵਿਸ਼ੇ ਵਿਚ ਮੁੱਖ ਤੌਰ ‘ਤੇ ਵੋਟਰ ਸੂਚੀਆਂ ਤਿਆਰ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਸ਼ੇ ਵਿੱਚ ਹਾੜੀ ਅਤੇ ਸਾਉਣੀ ਦੀਆਂ ਫਸਲਾਂ, ਕੀੜੇ ਮਾਰ ਦੀਵਾਈਆਂ, ਖਾਦ ਅਤੇ ਫਸਲਾਂ ਦੇ ਬੀਜ ਸਬੰਧੀ ਪੂਰਨ ਤੌਰ ‘ਤੇ ਜਾਣਕਾਰੀ ਦਿੱਤੀ ਗਈ। ਇੰਟੈਗ੍ਰੇਟਿਡ ਲੈਂਡ ਮੈਨੇਜਮੈਂਟ ਸਿਸਟਮ ਸਾਫਟਵੇਅਰ ‘ਤੇ ਇਨ੍ਹਾਂ ਉਮੀਦਵਾਰਾਂ ਨੂੰ ਪ੍ਰੈਕਟੀਕਲ ਤੌਰ ‘ਤੇ ਜਮਾਂਬੰਦੀ ਦੀ ਡਾਟਾ ਐਂਟਰੀ, ਇੰਤਕਾਲ ਦਰਜ ਕਰਨਾ, ਰੋਜਨਾਮਚਾ, ਫਰਦ ਬਦਰ ਆਦਿ ਦੀ ਸਿਖਲਾਈ ਦਿੱਤੀ ਗਈ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੂਬੇ ਦੇ ਸਮੂਹ ਪਟਵਾਰੀਆਂ ਨੂੰ ਨਿਸ਼ਾਨਦੇਹੀ ਦੀ ਸਿਖਲਾਈ ਦੇਣ ਲਈ ਡੀ.ਜੀ.ਪੀ.ਐਸ. (ਡਿਫਰੈਂਸ਼ੀਅਲ ਗਲੋਬਲ ਪੁਜ਼ੀਸ਼ਨਿੰਗ ਸਿਸਟਮ) ਮਸ਼ੀਨ ਖਰੀਦੀ ਗਈ ਹੈ। ਇਸ ਮਸ਼ੀਨ ਰਾਹੀਂ ਨਿਸ਼ਾਨਦੇਹੀ ਕਰਨ ਦੀ ਵੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਡਿਜ਼ੀਟਲ ਕਰੋਪ ਸਰਵੇ ਰਾਹੀਂ ਗਿਰਦਾਵਰੀ ਕਰਨ ਦੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸੂਬੇ ਦੀ ਸੇਵਾ ਦਾ ਮੌਕਾ ਦੇਣ ਲਈ ਪਟਵਾਰੀਆਂ ਦੀਆਂ ਹੋਰ ਆਸਾਮੀਆਂ ਉਤੇ ਵੀ ਛੇਤੀ ਭਰਤੀ ਕੀਤੀ ਜਾਵੇਗੀ।

error: Content is protected !!