Skip to content

ਚੰਡੀਗੜ੍ਹ, 1 ਅਪ੍ਰੈਲ 2025 (ਫਤਹਿ ਪੰਜਾਬ ਬਿਊਰੋ): ਪੰਜਾਬ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਿਆਂ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (SIT) ਦੇ ਮੁਖੀ ਨੂੰ ਮੁੜ ਬਦਲ ਦਿੱਤਾ ਹੈ। ਇਹ ਦਸੰਬਰ 2021 ਤੋਂ ਇਸ ਕੇਸ ਦੀ ਸ਼ੁਰੂਆਤ ਤੋਂ ਬਾਅਦ ਟੀਮ ਦੇ ਮੁਖੀ ਤੇ ਮੈਂਬਰਾਂ ਦੀ ਪੰਜਵੀਂ ਤਬਦੀਲੀ ਹੈ। 

ਕੇਂਦਰੀ ਜੇਲ ਪਟਿਆਲਾ ਦੇ ਸਹਾਇਕ ਇੰਸਪੈਕਟਰ ਜਨਰਲ (AIG) ਵਰੁਣ ਸ਼ਰਮਾ ਨੂੰ ਹੁਣ SIT ਦੀ ਕਮਾਨ ਸੌਂਪੀ ਗਈ ਹੈ, ਜੋ ਡਿਪਟੀ ਇੰਸਪੈਕਟਰ ਜਨਰਲ (DIG) ਹਰਚਰਨ ਸਿੰਘ ਭੁੱਲਰ ਦੀ ਜਗ੍ਹਾ ਲੈਣਗੇ। ਭੁੱਲਰ ਨੇ 31 ਦਸੰਬਰ 2024 ਨੂੰ ਮੁਖਵਿੰਦਰ ਸਿੰਘ ਛੀਨਾ ਦੀ ਸੇਵਾ ਮੁਕਤੀ ਰਿਟਾਇਰਮੈਂਟ ਤੋਂ ਬਾਅਦ ਟੀਮ ਦੀ ਅਗਵਾਈ ਸੰਭਾਲੀ ਸੀ।

ਇਸ ਜਾਂਚ ਵਿੱਚ ਕਈ ਵਾਰ ਟੀਮ ਦੇ ਨੇਤਾ ਬਦਲੇ ਗਏ ਹਨ: ਕਾਂਗਰਸ ਸਰਕਾਰ ਨੇ ਦਸੰਬਰ 2021 ਵਿੱਚ NDPS ਕਾਨੂੰਨ ਅਧੀਨ ਮਜੀਠੀਆ ਵਿਰੁੱਧ FIR ਦਰਜ ਕਰਨ ਤੋਂ ਬਾਅਦ AIG ਬਲਰਾਜ ਸਿੰਘ ਦੀ ਅਗਵਾਈ ਹੇਠ ਤਿੰਨ-ਮੈਂਬਰੀ SIT ਬਣਾਈ ਸੀ। ਮਾਰਚ 2022 ਵਿੱਚ ਆਮ ਆਦਮੀ ਪਾਰਟੀ (ਆਪ) AAP ਦੀ ਸਰਕਾਰ ਬਣਨ ਤੋਂ ਬਾਅਦ, ਟੀਮ ਨੂੰ ਇੰਸਪੈਕਟਰ ਜਨਰਲ (IG) ਗੁਰਸ਼ਰਨ ਸਿੰਘ ਸੰਧੂ ਦੀ ਨਿਗਰਾਨੀ ਹੇਠ AIG ਰਾਹੁਲ ਐਸ ਦੀ ਅਗਵਾਈ ਵਿੱਚ ਮੁੜ ਗਠਿਤ ਕੀਤਾ ਗਿਆ ਸੀ।

ਮਈ 2023 ਵਿੱਚ ਇੱਕ ਵਾਰ ਫਿਰ ਟੀਮ ਬਦਲੀ ਗਈ ਜਦੋਂ IG ਮੁਖਵਿੰਦਰ ਸਿੰਘ ਛੀਨਾ ਨੇ ਰਾਹੁਲ S ਦੀ ਜਗ੍ਹਾ ਲੈ ਲਈ, ਅਤੇ ਫਿਰ ਜਨਵਰੀ 2024 ਵਿੱਚ ਛੀਨਾ ਦੀ ਰਿਟਾਇਰਮੈਂਟ ਤੋਂ ਬਾਅਦ ਭੁੱਲਰ ਨੇ ਟੀਮ ਦੀ ਕਮਾਨ ਸੰਭਾਲੀ।

ਵਿਰੋਧੀ ਪਾਰਟੀਆਂ ਨੇ ਵੀ SIT ਦੇ ਮੁਖੀਆਂ ਤੇ ਮੈਂਬਰਾਂ ਨੂੰ ਵਾਰ ਵਾਰ ਬਦਲਣ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ਨੂੰ ਉਹਨਾਂ ਨੇ ਜਾਂਚ ਦੀ ਨਿਰੰਤਰਤਾ ਲਈ ਨੁਕਸਾਨਦੇਹ ਦੱਸਿਆ ਹੈ। ਉਧਰ ਮਜੀਠੀਆ ਨੇ ਆਪਣੀ ਬੇਕਸੂਰੀ ‘ਤੇ ਜ਼ੋਰ ਦਿੰਦੇ ਹੋਏ ਇਸ ਜਾਂਚ ਨੂੰ ਰਾਜਨੀਤਿਕ ਦਬਾਅ ਦਾ ਹਿੱਸਾ ਕਰਾਰ ਦਿੱਤਾ ਹੈ।

ਇਸ ਨਵੇਂ ਬਦਲਾਅ ਨਾਲ AAP ਸਰਕਾਰ ਨੂੰ ਇਸ ਉੱਚ-ਪ੍ਰੋਫਾਈਲ ਕੇਸ ਦੀ ਹੈਂਡਲਿੰਗ ਸਬੰਧੀ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਤਿੰਨ ਸਾਲਾਂ ਤੋਂ ਚੱਲ ਰਿਹਾ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਟੀਮ ਵਿੱਚ ਅਕਸਰ ਹੋਣ ਵਾਲੇ ਬਦਲਾਅ ਸੰਵੇਦਨਸ਼ੀਲ ਜਾਂਚ ਵਿੱਚ ਸਬੂਤੀ ਲੜੀਆਂ ਸਥਾਪਿਤ ਕਰਨ ਨੂੰ ਮੁਸ਼ਕਲ ਬਣਾ ਸਕਦੇ ਹਨ। AIG ਸ਼ਰਮਾ ਦੀ ਅਗਵਾਈ ਵਾਲੀ ਨਵੀਂ SIT ਹੁਣ ਇਸ ਕੇਸ ਵਿੱਚ ਚਾਰਜਸ਼ੀਟ ਜਾਂ ਕਲੋਜ਼ਰ ਰਿਪੋਰਟ ਦਰਜ ਕਰਨ ਬਾਰੇ ਫੈਸਲਾ ਕਰੇਗੀ। ਇਸ ਤੋਂ ਇਲਾਵਾ ਇਸ ਕੇਸ ਦਾ ਘੇਰਾ ਵਧਾਉਣ ਲਈ ਵਿਦੇਸ਼ ਵਿੱਚ ਰਹਿੰਦੇ ਮਜੀਠੀਆ ਦੇ ਕੁੱਝ ਸਹਿਯੋਗੀਆਂ ਨੂੰ ਵੀ ਤਫਤੀਸ਼ ਵਿੱਚ ਸ਼ਾਮਲ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। 

error: Content is protected !!