Skip to content

ਤਿੰਨ ਪਿਸਤੌਲ ਤੇ 13 ਕਾਰਤੂਸ ਬਰਾਮਦ – ਸਕਾਰਪੀਓ ਕਾਰ ਜ਼ਬਤ

ਗੁਰਵਿੰਦਰ ਸ਼ੇਰਾ ਨੂੰ ਪਹਿਲਾਂ 2022 ‘ਚ ਮਿੱਥ ਕੇ ਕਤਲ ਦੀ ਸਾਜ਼ਿਸ਼ ਰਚਣ ਲਈ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ, 14 ਮਈ 2024 (ਫਤਿਹ ਪੰਜਾਬ) ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਵਿਦੇਸ਼ ਵਸਦੇ ਇਕਬਾਲਪ੍ਰੀਤ ਸਿੰਘ ਉਰਫ਼ ਬੁਚੀ ਵੱਲੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦੇ ਮੁੱਖ ਸੰਚਾਲਕ ਗੁਰਵਿੰਦਰ ਸਿੰਘ ਉਰਫ ਸ਼ੇਰਾ ਸਮੇਤ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। 

ਜਾਣਕਾਰੀ ਮੁਤਾਬਿਕ ਮੁਲਜ਼ਮ ਗੁਰਵਿੰਦਰ ਸ਼ੇਰਾ, ਜੋ ਇਸ ਵੇਲੇ ਜ਼ਮਾਨਤ ‘ਤੇ ਸੀ, ਨੂੰ ਸਾਲ 2022 ਵਿੱਚ ਮਿੱਥ ਕੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ। ਉਦੋਂ  ਇਕਬਾਲਪ੍ਰੀਤ ਬੁਚੀ ਨੇ ਸੂਬੇ ਵਿਚ ਮਿੱਥ ਕੇ ਕਤਲ ਦੀ ਵਾਰਤਾਦ ਨੂੰ ਅੰਜਾਮ ਦੇਣ ਲਈ ਇਸ ਨੂੰ 1.50 ਲੱਖ ਰੁਪਏ ਦਿੱਤੇ ਸਨ।

ਗ੍ਰਿਫ਼ਤਾਰ ਕੀਤੇ ਗਏ ਤਿੰਨ ਹੋਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਟਿਆਲਾ, ਰਣਜੀਤ ਸਿੰਘ ਉਰਫ਼ ਸੋਨੂੰ ਅਤੇ ਜਗਜੀਤ ਸਿੰਘ ਉਰਫ਼ ਜਸ਼ਨ ਦੋਵੇਂ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲਾਂ ਸਮੇਤ 13 ਕਾਰਤੂਸ ਬਰਾਮਦ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਮਹਿੰਦਰਾ ਸਕਾਰਪੀਓ ਕਾਰ ਵੀ ਜ਼ਬਤ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਟੀਮਾਂ ਨੇ ਰਾਜਪੁਰਾ ਦੇ ਲਿਬਰਟੀ ਚੌਕ ਵਿਖੇ ਨਾਕਾ ਲਗਾਇਆ ਹੋਇਆ ਸੀ ਅਤੇ ਉਕਤ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਆਪਣੀ ਸਕਾਰਪੀਓ ਕਾਰ ਵਿੱਚ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਵਿੰਦਰ ਸ਼ੇਰਾ ਨੇ ਖੁਲਾਸਾ ਕੀਤਾ ਕਿ ਇਕਬਾਲਪ੍ਰੀਤ ਬੁਚੀ ਨੇ ਆਪਣੇ ਗਰੋਹ ਨੂੰ ਮੁੜ ਸੰਗਠਿਤ ਕਰ ਲਿਆ ਸੀ।

ਜ਼ਿਕਰਯੋਗ ਹੈ ਕਿ ਇਕਬਾਲਪ੍ਰੀਤ ਬੁਚੀ ਸਰੀ, ਕਨੇਡਾ ਵਿਖੇ ਕਤਲ ਕੀਤੇ ਗਏ ਗੁਰਦਵਾਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਝਰ ਦੇ ਸੰਪਰਕ ਵਿਚ ਸੀ ਅਤੇ ਰਮਨਦੀਪ ਬੱਗਾ ਉਰਫ਼ ਕੈਨੇਡੀਅਨ, ਜੋ ਕਿ 2016-2017 ਦੌਰਾਨ ਮਿੱਥ ਕੇ ਕਤਲ ਦੀਆਂ ਹੋਈਆਂ 7 ਵਾਰਦਾਤਾਂ ਵਿਚ ਮੁੱਖ ਸ਼ੂਟਰ ਸੀ ਅਤੇ ਜਿਸ ‘ਤੇ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ (ਯੂ.ਏ.ਪੀ.ਏ.), ਅਸਲਾ ਕਾਨੂੰਨ ਆਦਿ ਨਾਲ ਸਬੰਧਤ 11 ਅਪਰਾਧਿਕ ਕੇਸ ਚੱਲ ਰਹੇ ਹਨ, ਦਾ ਨਜ਼ਦੀਕੀ ਸਾਥੀ ਵੀ ਹੈ। ਇਸ ਸਮੇਂ ਬੱਗਾ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਗਰੁੱਪ ਵਿੱਚ ਹੋਰ ਮੈਂਬਰਾਂ ਦੀ ਸ਼ਮੂਲੀਅਤ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਮੁਕੱਦਮਾ ਨੰ. 21 ਮਿਤੀ 13/05/02024 ਨੂੰ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 120ਬੀ ਅਤੇ ਅਸਲਾ ਕਾਨੂੰਨ ਦੀ ਧਾਰਾ 25(6)(7) ਤਹਿਤ ਥਾਣਾ ਸਟੇਟ ਕ੍ਰਾਈਮ, ਐਸ.ਏ.ਐਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

error: Content is protected !!