450 ਤੋਂ ਵੱਧ ਟੀਮਾਂ ਨੇ ਪੰਜਾਬ ਦੇ 280 ਡਰੱਗ ਹਾਟਸਪੌਟਸ ‘ਤੇ ਚਲਾਇਆ ਵਿਸ਼ੇਸ਼ ਆਪ੍ਰੇਸ਼ਨ – ਡੀਜੀਪੀ ਅਰਪਿਤ ਸ਼ੁਕਲਾ

40 ਮੁੱਕਦਮੇ ਦਰਜ ਕਰਕੇ 166 ਸ਼ੱਕੀ ਕੀਤੇ ਗ੍ਰਿਫ਼ਤਾਰ – 2.7 ਕਿਲੋ ਹੈਰੋਇਨ ਤੇ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

ਚੰਡੀਗੜ੍ਹ, 16 ਜੂਨ 2024 (ਫਤਿਹ ਪੰਜਾਬ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ, ਪੰਜਾਬ ਪੁਲਿਸ ਵੱਲੋਂ ਅੱਜ ਨਸ਼ਿਆਂ ਦੇ ਪਛਾਣੇ ਗਏ ਹੌਟਸਪੌਟਸ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਨਸ਼ਾ ਸਪਲਾਈ ਦੀ ਕੜੀ ਨੂੰ ਵਿੱਕਰੀ ਵਾਲੀਆਂ ਥਾਵਾਂ (ਪੁਆਇੰਟ ਆਫ਼ ਸੇਲ) ਤੋਂ ਤੋੜਨ ਦੇ ਉਦੇਸ਼ ਨਾਲ ਵਿਆਪਕ ਸੂਬਾ ਪੱਧਰੀ ਘੇਰਾਬੰਦੀ ਅਤੇ ਤਲਾਸ਼ੀ ਆਪ੍ਰੇਸ਼ਨ (ਸੀਏਐਸਓ) ਚਲਾਇਆ ਗਿਆ। 

ਇਹ ਆਪ੍ਰੇਸ਼ਨ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਨਿਰਦੇਸ਼ਾਂ ‘ਤੇ ਸੂਬੇ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਇੱਕੋ ਸਮੇਂ ਚਲਾਇਆ ਗਿਆ। ਸਾਰੀਆਂ ਰੇਂਜਾਂ ਦੇ ਏਡੀਜੀਪੀਜ਼/ਆਈਜੀਪੀਜ਼/ਡੀਆਈਜੀਜ਼ ਅਤੇ ਸੀਪੀਜ਼/ਐਸਐਸਪੀਜ਼ ਨੂੰ ਆਪੋ-ਆਪਣੇ ਜ਼ਿਲ੍ਹੇ ਵਿੱਚ ਨਿੱਜੀ ਤੌਰ ‘ਤੇ ਇਸ ਆਪਰੇਸ਼ਨ ਦੌਰਾਨ ਨਿਗਰਾਨੀ ਕਰਨ ਲਈ ਕਿਹਾ ਗਿਆ ਸੀ।

ਸੀਪੀਜ਼/ਐਸਐਸਪੀਜ਼ ਵੱਲੋਂ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਨਸ਼ਿਆਂ ਦੇ ਹੌਟਸਪੌਟਸ – ਨਸ਼ੀਲੇ ਪਦਾਰਥਾਂ ਅਤੇ ਮਨੋਵਿਗਿਆਨਕ ਪਦਾਰਥਾਂ ਦੀ ਵਿਕਰੀ ਸਥਾਨਾਂ ਜਾਂ ਉਹ ਖੇਤਰ ਜੋ ਨਸ਼ਾ ਤਸਕਰਾਂ ਲਈ ਛੁਪਣਗਾਹ/ਸੁਰੱਖਿਅਤ ਸਥਾਨ ਬਣ ਗਏ ਹਨ – ਦੀ ਪਛਾਣ ਕਰਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਨਾਲ ਸਾਵਧਾਨੀਪੂਰਵਕ ਢੰਗ ਨਾਲ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜਨ ਦੀ ਯੋਜਨਾ ਬਣਾਈ ਗਈ।

ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ, ਜੋ ਐਸ.ਏ.ਐਸ.ਨਗਰ ਵਿਖੇ ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਰੋਪੜ ਰੇਂਜ ਨੀਲਾਂਬਰੀ ਜਗਦਲੇ ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਡਾ. ਸੰਦੀਪ ਗਰਗ ਨਾਲ ਇਸ ਆਪ੍ਰੇਸ਼ਨ ਵਿੱਚ ਸ਼ਾਮਲ ਹੋਏ, ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸਰਹੱਦੀ ਸੂਬੇ ਤੋਂ ਨਸ਼ਿਆਂ ਦੇ ਖ਼ਾਤਮੇ ਲਈ ਬਹੁ-ਪੱਖੀ ਰਣਨੀਤੀ— ਇਨਫੋਰਸਮੈਂਟ, ਡੀ-ਐਡਿਕਸ਼ਨ ਅਤੇ ਪ੍ਰੀਵੈਂਸ਼ਨ (ਈਡੀਪੀ) — ਅਪਣਾਈ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਬਹੁ-ਪੱਖੀ ਰਣਨੀਤੀ ਦੇ ਇਨਫੋਰਸਮੈਂਟ ਹਿੱਸੇ ਤਹਿਤ, ਪੁਲਿਸ ਵੱਲੋਂ ਛੋਟੇ ਨਸ਼ਾ ਤਸਕਰਾਂ ਨੂੰ ਨਾਮਜ਼ਮ ਕਰਕੇ ਨਸ਼ਾ ਸਪਲਾਈ ਦੀ ਕੜੀ ਨੂੰ ਵਿੱਕਰੀ ਦੇ ਪੱਧਰ ਤੋਂ ਹੀ ਤੋੜਨ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਐਨਡੀਪੀਐਸ ਐਕਟ ਦੀ ਧਾਰਾ 68ਐਫ ਤਹਿਤ ਵੱਡੀਆਂ ਮੱਛੀਆਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਵੀ ਜ਼ਬਤ ਕੀਤਾ ਜਾ ਰਿਹਾ ਹੈ। 

ਸਪੈਸ਼ਲ ਡੀਜੀਪੀ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਸਪੱਸ਼ਟ ਨਿਰਦੇਸ਼ਾਂ ਤੋਂ ਬਾਅਦ ਸਿਪਾਹੀ ਦੇ ਰੈਂਕ ਤੋਂ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਸਾਰੇ ਪੁਲਿਸ ਮੁਲਾਜ਼ਮਾਂ, ਜੋ ਤਿੰਨ ਜਾਂ ਤਿੰਨ ਤੋਂ ਵੱਧ ਸਾਲਾਂ ਤੋਂ ਥਾਣੇ ਵਿੱਚ ਤਾਇਨਾਤ ਹਨ, ਦਾ ਸੂਬੇ ਭਰ ਦੇ ਥਾਣਿਆਂ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਸਾਰੇ ਨਸ਼ਾ ਤਸਕਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ।

ਇਸ ਵਿਸ਼ੇਸ਼ ਆਪ੍ਰੇਸ਼ਨ ਬਾਰੇ ਵੇਰਵੇ ਸਾਂਝੇ ਕਰਦਿਆਂ, ਸਪੈਸ਼ਲ ਡੀਜੀਪੀ ਨੇ ਦੱਸਿਆ ਕਿ 3000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 450 ਤੋਂ ਵੱਧ ਪੁਲਿਸ ਟੀਮਾਂ ਨੇ ਸੂਬੇ ਭਰ ਦੇ 280 ਡਰੱਗ ਹੌਟਸਪੌਟਸ ‘ਤੇ ਇਹ ਆਪ੍ਰੇਸ਼ਨ ਚਲਾਇਆ। ਉਨ੍ਹਾਂ ਦੱਸਿਆ ਕਿ ਇਸ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ 140 ਐਫਆਈਆਰ ਦਰਜ ਕਰਕੇ 166 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਸ ਦੌਰਾਨ ਹੋਈ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ 2.7 ਕਿਲੋਗ੍ਰਾਮ ਹੈਰੋਇਨ, 1.50 ਲੱਖ ਰੁਪਏ ਦੀ ਡਰੱਗ ਮਨੀ, 12.2 ਕਿਲੋ ਭੁੱਕੀ, 5820 ਨਸ਼ੀਲੀਆਂ ਗੋਲੀਆਂ ਅਤੇ ਭਾਰੀ ਮਾਤਰਾ ਵਿੱਚ ਜਾਇਜ਼ ਤੇ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕਰਨ ਤੋਂ ਇਲਾਵਾ 16 ਮੋਟਰ ਸਾਈਕਲ ਅਤੇ ਤਿੰਨ ਕਾਰਾਂ ਜ਼ਬਤ ਕੀਤੀਆਂ ਹਨ।

Skip to content