ਜਾਂਚ ’ਚ ਦੇਵਾਂਗਾ ਪੂਰਾ ਸਹਿਯੋਗ ਤੇ ਸੱਚ ਆਵੇਗਾ ਸਾਹਮਣੇ – ਢੱਡਰੀਆਂਵਾਲਾ
ਚੰਡੀਗੜ੍ਹ 10 ਦਸੰਬਰ 2024 (ਫਤਿਹ ਪੰਜਾਬ ਬਿਊਰੋ) ਸਾਲ 2012 ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆਂਵਾਲਾ ਦੇ ਪਟਿਆਲਾ ਸਥਿਤ ਆਸ਼ਰਮ ਪਰਮੇਸ਼ਵਰ ਦੁਆਰ ਵਿੱਚ ਇੱਕ ਲੜਕੀ ਨਾਲ ਹੋਏ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸਖ਼ਤ ਰੁਖ਼ ਅਪਣਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਮੁਕੱਦਮਾ ਦਰਜ ਕਰ ਦਿੱਤਾ ਹੈ।
ਪੰਜਾਬ ਦੇ DGP ਨੇ ਹਾਈ ਕੋਰਟ ਵਿੱਚ ਹਲਫ਼ਨਾਮਾ ਦਾਖਲ ਕਰਕੇ ਅਦਾਲਤ ਨੂੰ ਦੱਸਿਆ ਕਿ ਢੱਡਰੀਆਂਵਾਲਾ ਖ਼ਿਲਾਫ਼ 7 ਦਸੰਬਰ ਨੂੰ ਕਤਲ, ਜਬਰ ਜਨਾਹ ਅਤੇ ਅਪਰਾਧਿਕ ਦੋਸ਼ਾਂ ਤਹਿਤ ਪਟਿਆਲਾ ਦੇ ਪਸਿਆਣਾ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਕਸੂਰਵਾਰ ਪੁਲਿਸ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਪੁਲਿਸ ਮੁੱਖੀ ਦਾ ਹਲਫਨਾਮਾ ਰਿਕਾਰਡ ‘ਚ ਰੱਖਣ ਤੋਂ ਬਾਅਦ ਹਾਈ ਕੋਰਟ ਵੱਲੋਂ ਇਸ ਕੇਸ ਦੀ ਅਗਲੀ ਸੁਣਵਾਈ ਬੁੱਧਵਾਰ 11 ਦਸੰਬਰ ਲਈ ਤੈਅ ਕੀਤੀ ਗਈ ਹੈ।
ਦੱਸ ਦੇਈਏ ਕਿ ਪਿਛਲੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਇਸ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਸਨ ਅਤੇ ਇਹ ਵੀ ਪੁੱਛਿਆ ਸੀ ਕਿ ਐਫਆਈਆਰ ਦਰਜ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ ਜਾਂ ਕੀ ਕਾਰਵਾਈ ਕੀਤੀ ਜਾਵੇਗੀ।
ਜਾਂਚ ’ਚ ਦੇਵਾਂਗਾ ਪੂਰਾ ਸਹਿਯੋਗ ਤੇ ਸੱਚ ਆਵੇਗਾ ਸਾਹਮਣੇ – ਢੱਡਰੀਆਂਵਾਲਾ
ਹਾਈ ਕੋਰਟ ਦੇ ਹੁਕਮਾਂ ’ਤੇ ਦਰਜ ਕੀਤੀ ਐੱਫ.ਆਈ.ਆਰ ਬਾਰੇ ਰਣਜੀਤ ਸਿੰਘ ਢੱਡਰੀਆਂਵਾਲਾਂ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ। ਉਨਾਂ ਕਿਹਾ ਕਿ ਇਹ 12 ਸਾਲ ਪੁਰਾਣਾ ਮਾਮਲਾ ਹੈ ਜਿਸ ਦੀ ਪਹਿਲਾਂ ਵੀ ਜਾਂਚ ਹੋ ਚੁੱਕੀ ਹੈ ਤੇ ਹੁਣ ਦੁਬਾਰਾ ਪਰਿਵਾਰ ਹਾਈ ਕੋਰਟ ਗਿਆ ਹੈ ਤਾਂ ਹਾਈ ਕੋਰਟ ਦੇ ਹੁਕਮਾਂ ’ਤੇ ਐਫਆਈਆਰ ਦਰਜ ਹੋਈ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਭਾਵੇਂ ਆ ਕੇ ਜਾਂਚ ਕਰੇ ਜਾਂ ਮੈਨੂੰ ਬੁਲਾ ਕੇ ਤਫਤੀਸ਼ ਕਰੇ, ਮੈਂ ਪੂਰਾ ਸਹਿਯੋਗ ਕਰਾਂਗਾ। ਕੁਝ ਦਿਨ ਜਾਂ ਕੁਝ ਮਹੀਨੇ ਦੀ ਉਡੀਕ ਕਰਨੀ ਪੈ ਸਕਦੀ ਹੈ ਪਰ ਸੱਚ ਸਾਹਮਣੇ ਜ਼ਰੂਰ ਆਵੇਗਾ। ਉਨਾਂ ਆਪਣੀ ਸੰਗਤ ਨੂੰ ਜਾਬਤਾ ਤੇ ਭਰੋਸਾ ਰੱਖਣ ਲਈ ਆਖਿਆ ਹੈ।