ਚੰਡੀਗੜ੍ਹ, 28 ਜੂਨ, 2024 (ਫਤਿਹ ਪੰਜਾਬ) Punjab Vigilance Bureau ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਐਸ.ਬੀ.ਐਸ. ਨਗਰ ਦੇ ਥਾਣਾ ਬੰਗਾ ਸਿਟੀ ਵਿਖੇ ਤਾਇਨਾਤ ਹੌਲਦਾਰ ਅਵਤਾਰ ਸਿੰਘ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਬਾਰੇ ਰਾਜ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਪੁਲਿਸ ਕਰਮਚਾਰੀ ਨੂੰ ਬੰਗਾ ਨਿਵਾਸੀ ਰੇਖਾ ਦੇਵੀ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਵੱਢੀ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਬਿਊਰੋ ਨੂੰ ਦੱਸਿਆ ਹੈ ਕਿ ਉਸ ਦੇ ਲੜਕੇ ਖ਼ਿਲਾਫ਼ ਬੰਗਾ ਥਾਣੇ ਵਿਖੇ ਮੁਕੱਦਮਾ ਦਰਜ ਹੈ ਅਤੇ ਉਕਤ ਹੌਲਦਾਰ ਨੇ ਉਸ ਕੇਸ ਦਾ ਅਦਾਲਤ ਵਿੱਚ ਚਲਾਣ ਪੇਸ਼ ਕਰਦੇ ਸਮੇਂ ਉਸਦੇ ਲੜਕੇ ਦਾ ਪੱਖ ਲੈਣ ਅਤੇ ਅਦਾਲਤ ਵਿਚੋਂ ਇਸ ਕੇਸ ਵਿੱਚੋਂ ਉਸ ਨੂੰ ਬਰੀ ਕਰਵਾਉਣ ਬਦਲੇ 10,000 ਰੁਪਏ ਬਤੌਰ ਰਿਸ਼ਵਤ ਮੰਗੀ ਹੈ। ਉਕਤ ਔਰਤ ਨੇ ਇਹ ਵੀ ਦੱਸਿਆ ਕਿ ਇਹ ਪੁਲਿਸ ਮੁਲਾਜ਼ਮ ਉਸ ਤੋਂ ਪਹਿਲਾਂ ਹੀ ਰਿਸ਼ਵਤ ਵਜੋਂ ਕਿਸ਼ਤਾਂ ਵਿੱਚ 5500 ਰੁਪਏ ਲੈ ਚੁੱਕਾ ਹੈ।

ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਹੌਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ। 

ਇਸ ਸਬੰਧੀ ਉਕਤ ਪੁਲਿਸ ਮੁਲਾਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮੁਲਜ਼ਮ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

Skip to content