ਚੰਡੀਗੜ੍ਹ, 4 ਅਪਰੈਲ 2025 (ਫਤਹਿ ਪੰਜਾਬ ਬਿਊਰੋ) – ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਤਰਨਤਾਰਨ ਵਿਖੇ ਇੱਕ ਪ੍ਰਾਈਵੇਟ ਹੋਮਿਓਪੈਥਿਕ ਡਾਕਟਰ ਅਰਵਿੰਦ ਕੁਮਾਰ ਨੂੰ 3.50 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਕਸਬੇ ਦੇ ਵਸਨੀਕ ਅਸ਼ੋਕ ਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਡਾਕਟਰ ਅਰਵਿੰਦ ਕੁਮਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਮਾਨਾਵਾਲਾ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਮੀਤ ਸਿੰਘ ਦੀ ਤਰਫੋਂ ਇੱਕ ਮੁਕੱਦਮੇ ਵਿੱਚ ਅਦਾਲਤ ਵਿੱਚ ਉਸ ਦੇ ਪੱਖ ਵਿੱਚ ਗਵਾਹੀ ਦੇਣ ਲਈ ਉਸ ਤੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਬਾਅਦ ਵਿੱਚ ਇਸ ਬਾਰੇ 3.50 ਲੱਖ ਰੁਪਏ ਤੱਕ ਸੌਦਾ ਹੋ ਗਿਆ।
ਇਹ ਮਾਮਲਾ ਪਾਤੜਾਂ ਥਾਣੇ ਵਿੱਚ ਦਰਜ ਇੱਕ PNDT ਕਾਨੂੰਨ ਅਤੇ NDPS ਕਾਨੂੰਨ ਹੇਠ ਦਰਜ ਕੇਸ ਨਾਲ ਸਬੰਧਤ ਹੈ ਜਿਸ ਵਿੱਚ ਡਾਕਟਰ ਸੁਮੀਤ ਸਿੰਘ ਮੁੱਖ ਗਵਾਹ ਹੈ। ਵਿਜੀਲੈਂਸ ਟੀਮ ਨੇ ਇਸ ਸ਼ਿਕਾਇਤ ਦੀ ਮੁੱਢਲੀ ਪੜਤਾਲ ਕਰਨ ਤੋਂ ਬਾਅਦ ਤਰਨਤਾਰਨ ਵਿਖੇ ਡਾਕਟਰ ਅਰਵਿੰਦ ਕੁਮਾਰ ਨੂੰ “ਸਰਹੱਦੀ ਲੋਕ ਸੇਵਾ ਸਮਿਤੀ” ਦੇ ਦਫਤਰ ਵਿਖੇ ਦੋ ਸਰਕਾਰੀ ਗਵਾਹ ਵੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 3.50 ਲੱਖ ਰੁਪਏ ਰਿਸ਼ਵਤ ਦੀ ਰਕਮ ਲੈਂਦੇ ਕਾਬੂ ਕਰ ਲਿਆ।
ਵਿਜੀਲੈਂਸ ਵਿਭਾਗ ਕੋਲ ਰਿਸ਼ਵਤ ਦੀ ਮੰਗ ਨੂੰ ਸਾਬਤ ਕਰਨ ਵਾਲੀ ਆਡੀਓ ਰਿਕਾਰਡਿੰਗ ਸਬੂਤ ਵਜੋਂ ਮੌਜੂਦ ਹੈ। ਇਸ ਸਬੰਧੀ ਮੋਹਾਲੀ ਸਥਿਤ ਵਿਜੀਲੈਂਸ ਬਿਊਰੋ ਦੇ ਉਡਣ ਦਸਤਾ-1, ਦਾ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮੁਕੱਦਮੇ ਦੀ ਹੋਰ ਜਾਂਚ ਜਾਰੀ ਹੈ ਅਤੇ ਡਾਕਟਰ ਸੁਮੀਤ ਸਿੰਘ ਸਮੇਤ ਹੋਰ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਦੌਰਾਨ ਪੜਤਾਲ ਕੀਤੀ ਜਾਵੇਗੀ।