ਚੰਡੀਗੜ੍ਹ, 22 ਅਗਸਤ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਨਸ਼ਾ ਤਸਕਰਾਂ ਅਤੇ ਭ੍ਰਿਸ਼ਟਾਚਾਰ ਵਿਰੁੱਧ ਛੇੜੇ ਗਏ ਆਪਣੇ ‘ਯੁੱਧ’ ਦੌਰਾਨ ਰਾਜ ਦੇ ਸਾਬਕਾ ਕੈਬਿਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਰੁੱਧ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਜਾਂਚ ਤੋਂ ਬਾਅਦ ਤਿਆਰ ਕੀਤੇ ਇਸ ਚਲਾਣ ਵਿੱਚ ਲਗਭਗ 45,000 ਸਫ਼ਿਆਂ ਦੇ ਦਸਤਾਵੇਜ਼ੀ ਸਬੂਤ ਸ਼ਾਮਲ ਹਨ ਅਤੇ ਤਕਰੀਬਨ 400 ਬੈਂਕ ਖਾਤਿਆਂ ਦੀ ਜਾਂਚ ਕੀਤੀ ਗਈ ਹੈ। ਇਸ ਚਲਾਣ ਵਿੱਚ ਕੁੱਲ 200 ਤੋਂ ਵੱਧ ਗਵਾਹਾਂ ਦੇ ਬਿਆਨ ਵੀ ਸ਼ਾਮਲ ਕੀਤੇ ਗਏ ਹਨ।
ਇਸ ਜਾਂਚ ਦੌਰਾਨ ਦੇਸ਼ ਦੇ ਕਈ ਰਾਜਾਂ ਵਿੱਚ 15 ਥਾਵਾਂ ’ਤੇ ਛਾਪੇ ਮਾਰੇ ਗਏ, ਜਿਨ੍ਹਾਂ ਵਿੱਚ ਮਜੀਠੀਆ ਨਾਲ ਸੰਬੰਧਤ 30 ਜਾਇਦਾਦਾਂ, 10 ਵਾਹਨ ਅਤੇ 15 ਕੰਪਨੀਆਂ ਜਾਂ ਫ਼ਰਮਾਂ ਦਾ ਖੁਲਾਸਾ ਹੋਇਆ, ਜੋ ਉਨ੍ਹਾਂ ਦੇ ਮੰਤਰੀ ਕਾਰਜਕਾਲ ਦੌਰਾਨ ਇਕੱਠੀ ਕੀਤੀ ਗਈ ਗੈਰਕਾਨੂੰਨੀ ਸੰਪਤੀ ਨਾਲ ਜੁੜੀਆਂ ਹਨ। ਚਲਾਣ ਵਿੱਚ ਦਰਸਾਇਆ ਗਿਆ ਹੈ ਕਿ ਬਿਕਰਮ ਸਿੰਘ ਮਜੀਠੀਆ ਨੇ ਜਾਂਚ ਮਿਆਦ ਦੌਰਾਨ ਆਪਣੀ ਆਮਦਨ ਤੋਂ ਲਗਭਗ 1200 ਫੀਸਦ ਤੋਂ ਵੱਧ ਸੰਪਤੀ ਇਕੱਠੀ ਕੀਤੀ, ਜਿਸ ਦੀ ਕੁੱਲ ਅੰਦਾਜ਼ਨ ਕੀਮਤ 700 ਕਰੋੜ ਰੁਪਏ ਹੈ। ਇਹ ਸਾਰਾ ਮਾਮਲਾ ਸਬੂਤਾਂ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
