Skip to content

ਚੰਡੀਗੜ 10 ਫਰਵਰੀ 2025 (ਫਤਿਹ ਪੰਜਾਬ ਬਿਊਰੋ) Punjab Vigilance Bureau ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਜ਼ਿਲਾ ਲੁਧਿਆਣਾ ਦੀ ਪੁਲਿਸ ਚੌਂਕੀ ਕੰਗਣਵਾਲ ਵਿਖੇ ਤਾਇਨਾਤ ਹੌਲਦਾਰ ਰਣਜੀਤ ਸਿੰਘ ਵਿਰੁੱਧ ਵੱਖ-ਵੱਖ ਸਮਿਆਂ ਤੇ ਗੂਗਲ ਪੇਅ ਰਾਹੀਂ ਅਤੇ ਨਕਦ 17800 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਇਹ ਕੇਸ ਸਾਹਨੇਵਾਲ ਰੋਡ, ਲੁਧਿਆਣਾ ਦੇ ਨਿਊ ਸਤਿਗੁਰੂ ਨਗਰ ਦੇ ਵਸਨੀਕ ਇੰਦਰਾ ਪ੍ਰਸਾਦ ਵੱਲੋਂ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਦਾਇਰ ਕਰਵਾਈ ਆਨਲਾਈਨ ਸ਼ਿਕਾਇਤ ਦੀ ਜਾਂਚ ਉਪਰੰਤ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਦਾ ਦੁਕਾਨ ਵੇਚਣ ਨੂੰ ਲੈ ਕੇ ਕਿਸੇ ਨਾਲ ਝਗੜਾ ਚੱਲ ਰਿਹਾ ਸੀ ਅਤੇ ਮੁੱਖ ਮੁਨਸ਼ੀ ਰਾਮ ਮੂਰਤੀ ਨੇ ਉਸਨੂੰ ਪੁਲਿਸ ਚੌਕੀ ਬੁਲਾਇਆ ਪਰ ਉਸ ਮੌਕੇ ਮੌਜੂਦ ਹੌਲਦਾਰ ਰਣਜੀਤ ਸਿੰਘ ਨੇ ਉਸਨੂੰ ਹਵਾਲਾਤ ਵਿੱਚ ਬੰਦ ਕਰ ਦਿੱਤਾ।
ਸ਼ਿਕਾਇਤ ਅਨੁਸਾਰ ਉਕਤ ਹੌਲਦਾਰ ਨੇ ਉਸਦੀ ਜੇਬ ਚੋਂ 800 ਰੁਪਏ ਮੌਕੇ ਤੇ ਹੀ ਕੱਢ ਲਏ ਤੇ ਉਸਨੂੰ ਛੱਡ ਦਿੱਤਾ। ਬਾਅਦ ਵਿੱਚ ਉਕਤ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ ਗੂਗਲ ਪੇਅ ਰਾਹੀਂ 10,000 ਰੁਪਏ ਅਤੇ 7000 ਰੁਪਏ ਨਕਦ ਰਿਸ਼ਵਤ ਲਈ।
ਬੁਲਾਰੇ ਨੇ ਅੱਗੇ ਕਿਹਾ ਸ਼ਿਕਾਇਤ ਦੀ ਪੜਤਾਲ ਦੌਰਾਨ ਸ਼ਿਕਾਇਤਕਰਤਾ ਦੁਆਰਾ ਲਗਾਏ ਗਏ ਦੋਸ਼ ਸਹੀ-ਵ-ਦਰੁਸਤ ਪਾਏ ਗਏ ਅਤੇ ਪ੍ਰਾਪਤ ਹੋਏ ਮੌਖਿਕ, ਆਡੀਓ ਅਤੇ ਦਸਤਾਵੇਜੀ ਸਬੂਤਾਂ ਤੋਂ ਵੀ ਉਕਤ ਦੋਸ਼ਾਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਲੁਧਿਆਣਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕੇਸ ਦੀ ਅਗਲੇਰੀ ਜਾਂਚ ਦੌਰਾਨ Assistant Sub Inspector (ASI) ਸਹਾਇਕ ਸਬ-ਇੰਸਪੈਕਟਰ ਮੇਵਾ ਸਿੰਘ, ਸਹਾਇਕ ਸਬ-ਇੰਸਪੈਕਟਰ ਰਾਮ ਮੂਰਤੀ ਅਤੇ ਸਬੰਧਤ ਚੌਂਕੀ ਦੇ ਇੰਚਾਰਜ ਐਸ.ਐਚ.ਓ. ਦੀ ਭੂਮਿਕਾ ਵੀ ਪੜਤਾਲ ਕੀਤੀ ਜਾਵੇਗੀ।

error: Content is protected !!