ਚੰਡੀਗੜ੍ਹ, 23 ਜੂਨ 2024 (ਫਤਿਹ ਪੰਜਾਬ) ਪੰਜਾਬ ਸਰਕਾਰ ਵੱਲੋਂ ਹਰ ਔਰਤ ਦੇ ਸਰਵਪੱਖੀ ਵਿਕਾਸ ਲਈ ਵਚਨਬੱਧਤਾ ਨੂੰ ਪੂਰਾ ਕਰਨ ਦੇ ਮੱਦੇਨਜ਼ਰ ਪੰਜਾਬ ਰਾਜ ਮਹਿਲਾ ਕਮਿਸ਼ਨ ਜਲਦ ਹੀ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦਾ ਦੌਰਾ ਕਰੇਗਾ ਜਿਸ ਤਹਿਤ ਮਹਿਲਾ ਕੈਦੀਆਂ ਦੇ ਹਿੱਤਾਂ ਦਾ ਮੁਲਾਂਕਣ ਅਤੇ ਸੁਧਾਰ ਕਰਨਾ ਹੈ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਲਈ ਮਨੁੱਖੀ ਅਤੇ ਸਨਮਾਨਜਨਕ ਰਹਿਣ-ਸਹਿਣ ਨੂੰ ਯਕੀਨੀ ਬਣਾਉਣ ਦੀ ਲੋੜ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਲ੍ਹਾਂ ਵਿੱਚ ਮਹਿਲਾ ਕੈਦੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਣਾਂ ਅਤੇ ਉਨ੍ਹਾਂ ਦੀ ਬਿਹਤਰੀ ਲਈ ਵਚਨਬੱਧ ਹਾਂ। ਇਸ ਦੌਰੇ ਵਿੱਚ ਮੌਜੂਦਾ ਸਹੂਲਤਾਂ ਦੀ ਡੂੰਘਾਈ ਨਾਲ ਜਾਂਚ ਅਤੇ ਮਹਿਲਾ ਕੈਦੀਆਂ ਨਾਲ ਗੱਲ ਕਰਕੇ ਸਿੱਧੇ ਤੌਰ ’ਤੇ ਸਮੱਸਿਆਵਾਂ ਸੁਣਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਉਦੇਸ਼ ਜੇਲ੍ਹ ਅਥਾਰਟੀਆਂ ਨਾਲ ਤਾਲਮੇਲ ਕਰਕੇ ਸੁਧਾਰ ਦੀ ਲੋੜ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰਨਾ ਅਤੇ ਮਹਿਲਾ ਕੈਦੀਆਂ ਦੀ ਭਲਾਈ ਹਿੱਤ ਲੋੜੀਂਦੇ ਬਦਲਾਅ ਲਾਗੂ ਕਰਨਾ ਹੈ। ਇਸ ਦੌਰੇ ਦੌਰਾਨ ਤਰਜੀਹੀ ਤੌਰ ’ਤੇ ਇਸ ਸਿਹਤ ਸੰਭਾਲ, ਸਵੱਛਤਾ ਅਤੇ ਸਮੁੱਚੀਆਂ ਰਹਿਣ-ਸਹਿਤਣ ਸਥਿਤੀਆਂ ਨੂੰ ਸ਼ਾਮਿਲ ਕੀਤਾ ਜਾਣਾ ਹੈ। ਇਹ ਉਪਰਾਲਾ ਮਹਿਲਾ ਕੈਦੀਆਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਯਕੀਨੀ ਬਣਾਏ ਜਾਣ ਲਈ ਇੱਕ ਵਿਆਪਕ ਮਿਸ਼ਨ ਦਾ ਹਿੱਸਾ ਹੈ।