ਟੋਰਾਂਟੋ 9 ਫਰਵਰੀ 2025 (ਫਤਿਹ ਪੰਜਾਬ ਬਿਊਰੋ) Royal Canadian Mounted Police (RCMP) ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰਸੀਐਮਪੀ) ਵਿੱਚ ਅਧਿਕਾਰੀ ਵਜੋਂ ਸੇਵਾ ਨਿਭਾਉਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਲਤੇਜ ਸਿੰਘ ਢਿੱਲੋਂ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਸੰਸਦ ਦੇ ਉਪਰਲੇ ਸਦਨ ਵਿੱਚ ਸੈਨੇਟਰ ਨਿਯੁਕਤ ਕੀਤਾ ਹੈ। ਸੇਬੀ ਮਰਵਾਹ ਤੋਂ ਬਾਅਦ ਕੈਨੇਡਾ ਦੇ ਉਪਰਲੇ ਸਦਨ ਵਿੱਚ ਸੈਨੇਟਰ ਬਣਨ ਵਾਲਾ ਬਲਤੇਜ ਸਿੰਘ ਦੂਜਾ ਦਸਤਾਰਧਾਰੀ ਸਿੱਖ ਹੈ।
ਢਿੱਲੋਂ ਸੇਵਾਮੁਕਤ ਪੁਲਿਸ ਅਧਿਕਾਰੀ, ਕਮਿਊਨਿਟੀ ਲੀਡਰ ਅਤੇ ਵਿਭਿੰਨਤਾ ਦੇ ਹਮਾਇਤੀਆਂ ਵਿੱਚੋਂ ਹਨ ਜਿਨ੍ਹਾਂ ਨੇ ਸਾਲ 1991 ਵਿੱਚ ਪਹਿਲੇ ਦਸਤਾਰਧਾਰੀ ਆਰਸੀਐਮਪੀ ਅਧਿਕਾਰੀ ਵਜੋਂ ਭਰਤੀ ਹੋ ਕੇ ਇਤਿਹਾਸ ਰਚਿਆ। ਉਸਨੇ ਆਰਸੀਐਮਪੀ ਵਿੱਚ 30 ਸਾਲਾਂ ਦੇ ਸਫਲ ਕਰੀਅਰ ਦੌਰਾਨ ਕਈ ਉੱਚ-ਪ੍ਰੋਫਾਈਲ ਜਾਂਚਾਂ ਵਿੱਚ ਮੁੱਖ ਭੂਮਿਕਾ ਨਿਭਾਈ। ਸਾਲ 2019 ਤੋਂ ਉਹ ਬ੍ਰਿਟਿਸ਼ ਕੋਲੰਬੀਆ ਦੀ ਐਂਟੀ-ਗੈਂਗ ਏਜੰਸੀ ਨਾਲ ਕੰਮ ਕਰ ਰਿਹਾ ਸੀ ਅਤੇ ਇੱਕ ਨੌਜਵਾਨ ਨੇਤਾ ਵਜੋਂ ਆਪਣੇ ਭਾਈਚਾਰੇ ਵਿੱਚ ਸਰਗਰਮ ਰਿਹਾ ਹੈ।

ਢਿੱਲੋਂ ਨੇ ਪਿਛਲੇ ਸਾਲ ਸੱਤਾਧਾਰੀ ਬੀਸੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਉਮੀਦਵਾਰ ਵਜੋਂ ਬ੍ਰਿਟਿਸ਼ ਕੋਲੰਬੀਆ ਵਿੱਚ ਸੂਬਾਈ ਚੋਣ ਵੀ ਲੜੀ ਸੀ ਪਰ ਹਾਰ ਨਸੀਬ ਹੋਈ।
ਆਰਸੀਐਮਪੀ ਵਿੱਚ ਸ਼ਾਮਲ ਹੋਣਾ ਢਿੱਲੋਂ ਲਈ ਇੱਕ ਚੁਣੌਤੀ ਸੀ। ਸਾਲ 1988 ਵਿੱਚ ਜਦੋਂ ਨੌਜਵਾਨ ਢਿੱਲੋਂ ਨੇ ਆਰਸੀਐਮਪੀ ਵਿੱਚ ਸ਼ਾਮਲ ਹੋਣਾ ਚਾਹਿਆ ਤਾਂ ਉਸਦੇ ਦਸਤਾਰ ਅਤੇ ਦਾੜ੍ਹੀ ਕਾਰਨ ਪੁਲਿਸ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਉਸ ਸਮੇਂ ਮੌਜੂਦ ਨਿਯਮਾਂ ਵਿੱਚ ਦਸਤਾਰ ਸਜਾਉਣੀ ਅਤੇ ਦਾੜ੍ਹੀ ਰੱਖਣਾ ਵਰਜਿਤ ਸਨ। ਆਪਣੀ ਪ੍ਰਤੀਕ ਲਾਲ ਸਰਜ ਵਰਦੀ ਅਤੇ ਸਟੈਟਸਨ ਟੋਪੀ ਲਈ ਮਸ਼ਹੂਰ ਆਰਸੀਐਮਪੀ ਵੱਲੋਂ ਢਿੱਲੋਂ ਨੂੰ ਉਦੋਂ ਕੋਈ ਰਾਹਤ ਨਹੀਂ ਸੀ ਮਿਲੀ। ਉਹ ਮਲੇਸ਼ੀਆ ਤੋਂ 16 ਸਾਲ ਦੀ ਉਮਰ ਵਿੱਚ ਕੈਨੇਡਾ ਪਰਵਾਸ ਕਰਕੇ ਪਹੁੰਚਿਆ ਸੀ।
ਉਸਨੇ ਪਹਿਲਾਂ ਆਰਸੀਐਮਪੀ ਵਿੱਚ ਇੱਕ ਦੁਭਾਸ਼ੀਏ ਵਜੋਂ ਸਵੈ-ਇੱਛਾ ਨਾਲ ਕੰਮ ਕੀਤਾ ਸੀ ਅਤੇ ਆਪਣੀ ਦਿੱਖ ਨੂੰ ਛੱਡ ਕੇ ਪੁਲਿਸ ਵਿੱਚ ਭਰਤੀ ਹੋਣ ਦੇ ਮਾਪਦੰਡਾਂ ਨੂੰ ਪੂਰਾ ਕੀਤਾ ਸੀ। ਆਪਣੇ ਲੰਬੇ ਕਰੀਅਰ ਦੌਰਾਨ ਢਿੱਲੋਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਸੇਵਾ ਕੀਤੀ ਅਤੇ 1985 ਵਿੱਚ ਏਅਰ ਇੰਡੀਆ ਦੀ ਫਲਾਈਟ 182, ਕਨਿਸ਼ਕ ‘ਤੇ ਬੰਬਾਰੀ ਸਮੇਤ ਮਹੱਤਵਪੂਰਨ ਜਾਂਚਾਂ ਵਿੱਚ ਸ਼ਾਮਲ ਰਿਹਾ।