ਅੰਮ੍ਰਿਤਸਰ, 9 ਮਾਰਚ 2025 (ਫਤਿਹ ਪੰਜਾਬ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਫੈਸਲੇ ਨੇ ਸਿੱਖ ਕੌਮ ਅਤੇ ਪ੍ਰਮੁੱਖ ਆਗੂਆਂ ਵਿੱਚ ਗਹਿਰਾ ਰੋਸ ਪੈਦਾ ਕਰ ਦਿੱਤਾ ਹੈ। ਇਸ ਫੈਸਲੇ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਅਤੇ ਯੂਥ ਅਕਾਲੀ ਦਲ ਦੇ ਕਈ ਨੇਤਾਵਾਂ ਨੇ ਅਸਤੀਫ਼ੇ ਦੇ ਦਿੱਤੇ ਹਨ, ਜਿਸ ਨਾਲ ਪਾਰਟੀ ਵਿੱਚ ਰਾਜਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਕਈ ਆਗੂਆਂ ਨੇ ਇਸ ਫੈਸਲੇ ਪ੍ਰਤੀ ਅਸਹਿਮਤੀ ਪ੍ਰਗਟਾਈ ਹੈ ਅਤੇ ਅਗਲੇ ਦਿਨਾਂ ਵਿੱਚ ਹੋਰ ਅਸਤੀਫ਼ੇ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਸ ਮਾਮਲੇ ਨੇ ਪੰਜਾਬ ਅਤੇ ਹਰਿਆਣਾ ਦੇ ਅਕਾਲੀ ਆਗੂਆਂ ਵਿੱਚ ਭਾਰੀ ਬੇਚੈਨੀ ਪੈਦਾ ਕਰ ਦਿੱਤੀ ਹੈ। ਬੀਤੇ ਦਿਨ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਸਮੇਤ ਕਈ ਨੇਤਾਵਾਂ ਨੇ ਇਸ ਫੈਸਲੇ ਦਾ ਖੁੱਲ੍ਹਾ ਵਿਰੋਧ ਕੀਤਾ ਹੈ। ਕਈਆਂ ਨੇ ਤਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਹੀ ਅਸਤੀਫ਼ੇ ਦੇ ਦਿੱਤੇ ਹਨ। ਇਨ੍ਹਾਂ ਆਗੂਆਂ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪੰਥ ਦਾ ਮਾਣ ਅਤੇ ਸ਼ਾਨ ਹੈ ਅਤੇ ਇਸ ਦੇ ਹੁਕਮਨਾਮੇ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਕੌਮ ਲਈ ਅਸਹਿਣਯੋਗ ਹੈ। ਉਨ੍ਹਾਂ ਨੇ SGPC ਦੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਨੂੰ ਅਕਾਲ ਤਖ਼ਤ ਦੇ ਮਾਣ ਨਾਲ ਖਿਲਵਾੜ ਦੱਸਿਆ ਹੈ ਅਤੇ ਮੰਗ ਕੀਤੀ ਹੈ ਕਿ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ।
ਅਸਤੀਫ਼ੇ ਦੇਣ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੂਬਾਈ ਜਨਰਲ ਸਕੱਤਰ ਸਰਬਜੋਤ ਸਿੰਘ ਸਾਬੀ, ਮੁਹਾਲੀ ਤੋਂ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ, ਜਿਲ੍ਹਾ ਰੂਪਨਗਰ ਦੇ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ, ਪੰਥ ਪ੍ਰਸਿੱਧ ਕੀਰਤਨੀਏ ਸਤਨਾਮ ਸਿੰਘ ਅਰਸ਼ੀ, ਧੂਰੀ ਹਲਕੇ ਤੋਂ ਚੋਣ ਲੜਨ ਵਾਲੇ ਨਾਭਾ ਦੇ ਸੀਨੀਅਰ ਅਕਾਲੀ ਆਗੂ ਪ੍ਰੀਤ ਗਰੁੱਪ ਦੇ ਐਮ.ਡੀ. ਹਰੀ ਸਿੰਘ ਪ੍ਰੀਤ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਹਲਕਾ ਮੂਣਕ (ਸੰਗਰੂਰ), ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਆਈਐਸ ਬਿੰਦਰਾ, ਮੈਂਬਰ ਕੋਰ ਕਮੇਟੀ ਯੂਥ ਵਿੰਗ ਪੰਜਾਬ ਦੇ ਆਗੂ ਸਤਨਾਮ ਸਿੰਘ ਸੱਤਾ ਸ਼ਾਮਲ ਹਨ।
ਇਸ ਤੋਂ ਇਲਾਵਾ, ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮੱਖਣ ਸਿੰਘ ਬਰਾੜ, ਯੂਥ ਅਕਾਲੀ ਦਲ ਦੇ ਨੇਤਾ ਕੁਲਬੀਰ ਸਿੰਘ, ਹਰਚੰਦ ਸਿੰਘ, ਦੀਦਾਰ ਸਿੰਘ ਬੋਸਰ, ਜਸਪਾਲ ਸਿੰਘ ਸੰਤ, ਆਈਟੀ ਵਿੰਗ ਸ਼੍ਰੋਮਣੀ ਅਕਾਲੀ ਦਲ ਸ਼ਤਰਾਨਾ ਦੇ ਪ੍ਰਧਾਨ ਪਰਮਜੀਤ ਸਿੰਘ ਥਿੰਦ, ਤਰਲੋਚਨ ਸਿੰਘ ਹਾਜੀਪੁਰ ਮੀਤ ਪ੍ਰਧਾਨ, ਇੰਦਰਜੀਤ ਸਿੰਘ ਰੱਖੜਾ ਮੈਂਬਰ ਕੋਰ ਕਮੇਟੀ ਪੰਜਾਬ, ਜਸਵਿੰਦਰ ਸਿੰਘ ਰੰਧਾਵਾ ਜਨਰਲ ਸਕੱਤਰ, ਸਤਿੰਦਰ ਸਿੰਘ ਪਹਾੜੀਪੁਰ ਮੈਂਬਰ ਕੌਰ ਕਮੇਟੀ, ਧਰਮਿੰਦਰ ਸਿੰਘ ਯੂਥ ਅਕਾਲੀ ਦਲ ਦਿਹਾਤੀ ਪਟਿਆਲਾ, ਸਤਨਾਮ ਸਿੰਘ ਸੱਤਾ ਮੈਂਬਰ ਕੋਰ ਕਮੇਟੀ ਯੂਥ ਦਲ, ਜਲੰਧਰ ਤੋਂ ਜਥੇਦਾਰ ਤੇਜਾ ਸਿੰਘ ਸਾਬਕਾ ਚੇਅਰਮੈਨ ਸ਼ਾਹਕੋਟ ਤੇ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ, ਹਲਕਾ ਖਰੜ ਸੂਬਾ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਨੇ ਵੀ ਰੋਸ ਵਜੋਂ ਅਸਤੀਫ਼ੇ ਦੇ ਦਿੱਤੇ ਹਨ।
ਹਰਿਆਣਾ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਸਮੇਤ ਦਰਜਨ ਤੋਂ ਵਧੇਰੇ ਅਕਾਲੀ ਆਗੂਆਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ।
ਕੁਲਵੰਤ ਸਿੰਘ ਮੰਨਣ ਦਾ ਪੁਤਲਾ ਫੂਕਿਆ
ਇਸ ਦੌਰਾਨ, ਜਲੰਧਰ ਜ਼ਿਲ੍ਹੇ ਦੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਨੌਜਵਾਨਾਂ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਮੰਨਣ ਦਾ ਪੁਤਲਾ ਫੂਕਿਆ ਅਤੇ ਰੋਸ ਮੁਜ਼ਾਹਰਾ ਕਰਦਿਆਂ ਇਹ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਕੁਲਵੰਤ ਸਿੰਘ ਮੰਨਣ ਦਾ ਪੁਤਲਾ ਫੂਕਣ ਦੀ ਘਟਨਾ ਨੇ ਰੋਸ ਨੂੰ ਹੋਰ ਵਧਾ ਦਿੱਤਾ ਹੈ।
ਇਸ ਤਰਾਂ ਦਿੱਤੇ ਜਾ ਰਹੇ ਅਸਤੀਫਿਆਂ ਨੇ ਅਕਾਲੀ ਦਲ ਨੂੰ ਇੱਕ ਗੰਭੀਰ ਰਾਜਸੀ ਸੰਕਟ ਵਿੱਚ ਧੱਕ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਅਸਤੀਫ਼ੇ ਦਿੱਤੇ ਜਾਣ ਦੀ ਸੰਭਾਵਨਾ ਹੈ। ਪਾਰਟੀ ਦੇ ਆਗੂਆਂ ਨੇ ਇਸ ਫੈਸਲੇ ਨੂੰ ਵਾਪਸ ਲੈਣ ਅਤੇ ਸਿੱਖ ਕੌਮ ਦੇ ਮਾਣ ਅਤੇ ਸ਼ਾਨ ਦਾ ਸਨਮਾਨ ਕਰਨ ਦੀ ਮੰਗ ਕੀਤੀ ਹੈ।