ਚੰਡੀਗੜ੍ਹ, 8 ਮਾਰਚ 2025 (ਫਤਿਹ ਪੰਜਾਬ ਬਿਊਰੋ): ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਜਥੇਦਾਰਾਂ ਨੂੰ ਹਟਾਉਣ ਬਾਰੇ ਦਿੱਤੇ ਗਏ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਅਤੇ ਹੋਰ ਆਗੂਆਂ ਵਲੋਂ ਜਾਰੀ ਕੀਤੇ ਗਏ ਬਿਆਨ ਨੇ ਉਨ੍ਹਾਂ ਵਰਗੇ ਪਾਰਟੀ ਦੇ ਸੀਨੀਅਰ ਤੇ ਬਜ਼ੁਰਗ ਆਗੂਆਂ ਦੇ ਮਨ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਉੱਤੇ ਆਏ ਔਖੇ ਸਮੇਂ ਮਜੀਠੀਆ ਨੇ ਉਨ੍ਹਾਂ ਦੇ ਨਾਲ ਡੱਟ ਕੇ ਖੜ੍ਹਨ ਦੀ ਬਜਾਏ ਪਿੱਠ ’ਚ ਛੁਰਾ ਮਾਰਿਆ ਹੈ।
ਭੂੰਦੜ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਫ਼ੈਸਲੇ ਉੱਤੇ ਸਵਾਲ ਚੁੱਕਣ ਦੀ ਗਲਤੀ ਕੀਤੀ ਹੈ ਜਿਸ ਦੇ ਪਹਿਲੇ ਪ੍ਰਧਾਨ ਉਨ੍ਹਾਂ ਦੇ ਪੜਦਾਦਾ ਸ. ਸੁੰਦਰ ਸਿੰਘ ਮਜੀਠੀਆ ਸਨ। ਉਨ੍ਹਾਂ ਸਪੱਸ਼ਟ ਕੀਤਾ ਕਿ SGPC ਦੀ ਅੰਤਰਿੰਗ ਕਮੇਟੀ ਵਲੋਂ ਜਥੇਦਾਰਾਂ ਬਾਰੇ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਹੀ ਫ਼ੈਸਲਾ ਲਿਆ ਗਿਆ ਹੈ।
ਭੂੰਦੜ ਨੇ ਅੱਗੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿਛਲੇ ਕੁਝ ਸਮਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਆਸਤ ਕਿਹੜੇ ਕਠਿਨ ਦੌਰ ਵਿੱਚੋਂ ਲੰਘ ਰਹੀ ਹੈ। ਉਨ੍ਹਾਂ ਦੱਸਿਆ ਕਿ ਬੀਬੀ ਹਰਸਿਮਰਤ ਕੌਰ ਬਾਦਲ ਨੇ ਮਜੀਠੀਆ ਨੂੰ ਬਚਪਨ ਤੋਂ ਪਾਲਿਆ ਹੈ ਅਤੇ ਬਾਦਲ ਪਰਿਵਾਰ ਦਾ ਹਿੱਸਾ ਹੋਣ ਕਰਕੇ ਉਨ੍ਹਾਂ ਨੂੰ ਹਮੇਸ਼ਾ ਇਜ਼ਤ ਅਤੇ ਮਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਹਰ ਔਖੇ ਸਮੇਂ ਮਜੀਠੀਆ ਦਾ ਪੂਰਾ ਸਮਰਥਨ ਕੀਤਾ ਪਰ ਹੁਣ ਜਦੋਂ ਅਕਾਲੀ ਦਲ ਤੇ ਸੁਖਬੀਰ ਬਾਦਲ ਔਖੇ ਦੌਰ ਵਿੱਚ ਹਨ ਤਦ ਮਜੀਠੀਆ ਨੇ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਪਿੱਠ ਵਿੱਚ ਛੁਰਾ ਮਾਰਿਆ ਹੈ।
ਭੂੰਦੜ ਨੇ ਇਹ ਵੀ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪਾਰਟੀ ਅੰਦਰ ਬਣੀ ਪਰਿਸਥਿਤੀ ਨੂੰ ਦੇਖਦੇ ਹੋਏ ਮਜੀਠੀਆ ਦੀ ਜ਼ਿੰਮੇਵਾਰੀ ਸੀ ਕਿ ਉਹ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਸੁਖਬੀਰ ਬਾਦਲ ਦਾ ਪੂਰਾ ਸਾਥ ਦਿੰਦੇ।
ਭੂੰਦੜ ਨੇ ਮਜੀਠੀਆ ਦੇ ਇਸ ਕਦਮ ਨੂੰ ਗਲਤ ਕਰਾਰ ਦਿੰਦਿਆਂ ਸਲਾਹ ਦਿੱਤੀ ਕਿ ਕਿ ਉਹ ਵਿਰੋਧੀਆਂ ਦੀ ਸਾਜ਼ਿਸ਼ ਦਾ ਹਿੱਸਾ ਬਣਨ ਦੀ ਬਜਾਏ ਸਾਜ਼ਿਸ਼ਾਂ ਦਾ ਮੁਕਾਬਲਾ ਕਰਨ ਲਈ ਮਿਲ ਕੇ ਕੰਮ ਕਰਨ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਹਰ ਆਗੂ ਅਤੇ ਵਰਕਰ ਨੂੰ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ, ਪਰ ਉਨ੍ਹਾਂ ਕਦੇ ਵੀ ਸੋਚਿਆ ਨਹੀਂ ਸੀ ਕਿ ਮਜੀਠੀਆ ਪਾਰਟੀ ਦੇ ਅਸੂਲਾਂ ਦੀ ਇਸ ਹੱਦ ਤੱਕ ਉਲੰਘਣਾ ਕਰਨਗੇ।
ਇਹ ਵਿਵਾਦ ਉਸ ਵੇਲੇ ਵਧਿਆ ਹੈ ਜਦੋਂ SGPC ਵਲੋਂ ਜਥੇਦਾਰਾਂ ਨੂੰ ਹਟਾਉਣ ਕਰਕੇ ਪੰਥਿਕ ਮਾਹੌਲ ਵਿੱਚ ਨਵੀਂ ਚਰਚਾ ਛਿੜੀ ਹੋਈ ਹੈ। ਅਕਾਲੀ ਦਲ ਵਿੱਚ ਉੱਭਰ ਰਿਹਾ ਇਹ ਅੰਦਰੂਨੀ ਤਨਾਅ ਪਾਰਟੀ ਦੇ ਭਵਿੱਖ ’ਤੇ ਗਹਿਰਾ ਅਸਰ ਪਾ ਸਕਦੀ ਹੈ।