ਨਵੀਂ ਦਿੱਲੀ, 15 ਜੁਲਾਈ, 2024 (ਫਤਿਹ ਪੰਜਾਬ) ਇੱਕ ਮਹੱਤਵਪੂਰਨ ਕਾਨੂੰਨੀ ਘਟਨਾਕ੍ਰਮ ਵਿੱਚ, ਸੁਪਰੀਮ ਕੋਰਟ ਨੇ ਅੱਜ ਪੰਜਾਬ ਸਰਕਾਰ ਵੱਲੋਂ ਅਜੀਤ ਅਖਬਾਰ ਸਮੂਹ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੀ ਜ਼ਮਾਨਤ ਰੱਦ ਕਰਨ ਲਈ ਦਾਇਰ ਵਿਸ਼ੇਸ਼ ਲੀਵ ਪਟੀਸ਼ਨ (SLP) ਨੂੰ ਖਾਰਜ ਕਰ ਦਿੱਤਾ ਹੈ। ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੀ ਉਸਾਰੀ ਨਾਲ ਸਬੰਧਤ ਕਥਿਤ ਘਪਲੇ ਦੇ ਕੇਸ ਵਿੱਚ ਹਮਦਰਦ ਖ਼ਿਲਾਫ਼ ਮੁਕੱਦਮਾ ਚਲਾਉਣ ਤੇ ਜੇਲ ਭੇਜਣ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।
ਯਾਦ ਰਹੇ ਕਿ ਬੀਤੀ 22 ਮਈ ਨੂੰ ਵਿਜੀਲੈਂਸ ਬਿਊਰੋ ਵੱਲੋਂ ਯਾਦਗਾਰ ਦੀ ਉਸਾਰੀ ਦੇ ਘਪਲੇ ਬਾਰੇ ਮੁਕੱਦਮਾ ਦਰਜ ਕੀਤੇ ਜਾਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਮਦਰਦ ਨੂੰ 31 ਮਈ ਨੂੰ ਜ਼ਮਾਨਤ ਦੇ ਦਿੱਤੀ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਵਿੱਚ ਇੱਕ ਐਸਐਲਪੀ ਦਾਇਰ ਕੀਤੀ ਸੀ ਜਿਸ ਨੂੰ ਸਰਬ-ਉੱਚ ਅਦਾਲਤ ਨੇ ਅੱਜ ਖਾਰਜ ਕਰ ਦਿੱਤਾ ਹੈ। ਇਸ ਤਰ੍ਹਾਂ ਅਦਾਲਤ ਨੇ ਹਮਦਰਦ ਦੀ ਜ਼ਮਾਨਤ ਨੂੰ ਬਰਕਰਾਰ ਰੱਖਿਆ ਹੈ। ਸੀਨੀਅਰ ਐਡਵੋਕੇਟ ਆਰਐਸ ਚੀਮਾ ਅਤੇ ਐਡਵੋਕੇਟ ਆਰ ਕਾਰਤਿਕ ਨੇ ਸੁਪਰੀਮ ਕੋਰਟ ਵਿੱਚ ਹਮਦਰਦ ਦੇ ਕੇਸ ਦੀ ਪੈਰਵੀ ਕੀਤੀ।
ਇਸੇ ਕੇਸ ਨਾਲ ਸਬੰਧਤ ਘਟਨਾਕ੍ਰਮ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੇਵਾਮੁਕਤ ਚੀਫ ਇੰਜੀਨੀਅਰ ਅਰਵਿੰਦਰ ਸਿੰਘ ਸਮੇਤ ਜੰਗ-ਏ-ਆਜ਼ਾਦੀ ਕੇਸ ਵਿੱਚ ਫਸੇ ਅੱਠ ਹੋਰ ਵਿਅਕਤੀਆਂ ਨੂੰ ਵੀ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ।