ਮੋਹਨ ਭਾਗਵਤ ਨੂੰ ਜਾਣਕਾਰੀ ਦੇਣ ਵਾਲੀ VC ਦੀ ਵਾਇਰਲ ਵੀਡੀਓ ‘ਤੇ ਭੜਕਿਆ ਸਿੱਖਾਂ ਦਾ ਗੁੱਸਾ

ਅੰਮ੍ਰਿਤਸਰ, 2 ਅਗਸਤ, 2025 (ਫਤਿਹ ਪੰਜਾਬ ਬਿਊਰੋ) – ਰਾਸ਼ਟਰੀ ਸਵਯੰਸੇਵਕ ਸੰਘ (ਆਰ.ਐੱਸ.ਐੱਸ.) ਵੱਲੋਂ ਵਿਚਾਰਧਾਰਕ ਦਖਲਅੰਦਾਜ਼ੀ ਨੂੰ ਲੈ ਕੇ ਸਿੱਖਾਂ ਵੱਲੋਂ ਵਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐੱਨ.ਡੀ.ਯੂ.) ਦੇ ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਸੇਵਾ ਨਿਯਮ ਤੈਅ ਕਰਨ ਵਾਲੀ ਕਮੇਟੀ ਤੋਂ ਹਟਾ ਦਿੱਤਾ ਹੈ। ਇਹ ਫੈਸਲਾ ਇੱਕ ਵਾਇਰਲ ਹੋਈ ਵਿਡੀਓ ਤੋਂ ਬਾਅਦ ਆਇਆ ਹੈ ਜਿਸ ’ਚ ਉਹ ਆਰ.ਐੱਸ.ਐੱਸ. ਦੇ ਮੁਖੀ ਮੋਹਨ ਭਾਗਵਤ ਨੂੰ ਇੱਕ ਸਮਾਗਮ ਦੌਰਾਨ ਵੈਦਿਕ ਪਰੰਪਰਾ ਦਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਨਾਲ ਸਬੰਧ ਹੋਣ ਲਈ ਖੋਜ ਕਰਨ ਸਬੰਧੀ ਇੱਕ ਵੱਖਰੀ ਚੇਅਰ ਸਥਾਪਤ ਕਰਨ ਬਾਰੇ ਜਾਣਕਾਰੀ ਦੇ ਰਹੇ ਹਨ।
ਦੱਸ ਦੇਈਏ ਕਿ ਬੀਤੇ ਦਿਨ 28 ਜੁਲਾਈ ਨੂੰ ਮੈਸੂਰ ਦੇ ਬੀਐਨ ਬਹਾਦੁਰ ਇੰਸਟੀਚਿਊਟ ਆਫ ਮੈਨੇਜਮੈਂਟ ਸਾਇੰਸਜ਼ ਵਿੱਚ ਹੋਏ ‘ਗਿਆਨ ਸਭਾ – ਵਿਕਸਿਤ ਭਾਰਤ ਲਈ ਸਿੱਖਿਆ’ ਸੈਮੀਨਾਰ ਦੌਰਾਨ ਰਿਕਾਰਡ ਕੀਤੀ ਗਈ ਵਿਡੀਓ ਵਿੱਚ ਪ੍ਰੋ. ਕਰਮਜੀਤ ਸਿੰਘ ਸਟੇਜ ਤੇ ਮੌਜੂਦ ਭਾਗਵਤ ਸਾਹਮਣੇ GNDU ਵੱਲੋਂ ਚਲਾਏ ਸਿੱਖਿਆਤਮਕ ਉਪਰਾਲਿਆਂ ਬਾਰੇ ਬਿਆਨ ਕਰ ਰਹੇ ਹਨ। ਇਹ ਸਮਾਗਮ ਸ਼ਿਕਸ਼ਾ ਸੰਸਕ੍ਰਿਤੀ ਉਤਥਾਨ ਨਿਆਸ ਅਤੇ ਅਮ੍ਰਿਤ ਵਿਸ਼ਵ ਵਿਦਿਆਪੀਠਮ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਸੀ। ਉਨ੍ਹਾਂ ਨੇ ਭਾਰਤੀ ਪੰਰਪਰਾਵਾਂ ’ਤੇ ਆਧਾਰਿਤ ਨਵੇਂ ਕੋਰਸਾਂ ਦੀ ਸ਼ੁਰੂਆਤ ਅਤੇ ਸਿੱਖ ਅਧਿਐਨ ਚੇਅਰ ਦੀ ਸਥਾਪਨਾ ਬਾਰੇ ਦੱਸਿਆ ਜਿਸ ਰਾਹੀਂ ਰਿਗਵੇਦ ਅਤੇ ਗੁਰੂ ਨਾਨਕ ਦੇਵ ਜੀ ਦੀ ਵਿਸ਼ਵ ਭਲਾਈ ਦੀ ਵਿਚਾਰਧਾਰਾ (ਸਰਬੱਤ ਦਾ ਭਲਾ) ਵਿੱਚ ਸਮਾਨਤਾ ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਨੇ ਵਾਤਾਵਰਨ ਅਤੇ ਪੰਜਾਬ ਦੀ ਉਦਯੋਗਿਕ ਹਾਲਤ ਬਾਰੇ ਵੀ ਗੱਲ ਕੀਤੀ।
ਇਸ ਵਿਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਸਿੱਖ ਜਥੇਬੰਦੀਆਂ ਨੇ SGPC ਅਤੇ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤਾਂ ਸੌਂਪੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਪਰ ਸਥਾਪਿਤ ਯੂਨੀਵਰਸਿਟੀ ਅਤੇ ਵਿਦਿਅਕ ਖੇਤਰ ਵਿੱਚ ਹਿੰਦੂਤਵ ਦੀ ਦਖਲਅੰਦਾਜ਼ੀ ’ਤੇ ਗੰਭੀਰ ਸਵਾਲ ਖੜੇ ਕੀਤੇ। ਇਸ ਬਾਰੇ ਪ੍ਰਤੀਕਿਰਿਆ ਦਿੰਦਿਆਂ SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਪੁਸ਼ਟੀ ਕੀਤੀ ਕਿ ਪ੍ਰੋ. ਕਰਮਜੀਤ ਸਿੰਘ ਨੂੰ ਕਮੇਟੀ ’ਚੋਂ ਹਟਾ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ SGPC ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੌਮ ਵੱਲੋਂ ਮਿਲੀਆਂ ਇਤਰਾਜ਼ੀ ਚਿੱਠੀਆਂ ਤੋਂ ਬਾਅਦ ਇਹ ਕਦਮ ਚੁੱਕਿਆ।
ਅਕਾਲ ਤਖਤ ਸਾਹਿਬ ਕੋਲ ਵੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲੇ ਅਤੇ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਵਿਸ਼ੇਸ਼ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਪਰ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਸਰਕਾਰੀ ਬਿਆਨ ਜਾਰੀ ਨਹੀਂ ਕੀਤਾ ਗਿਆ।

RSS ਮੁਖੀ ਅੱਗੇ ਝੁਕਿਆ GNDU ਦਾ ਵਾਈਸ-ਚਾਂਸਲਰ – ਬਾਜਵਾ
ਇਹ ਮਾਮਲਾ ਹੁਣ ਰਾਜਨੀਤਿਕ ਰੁੱਖ ਵੀ ਅਖਤਿਆਰ ਕਰ ਚੁੱਕਾ ਹੈ। ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ GNDU ਦੇ ਵਾਈਸ-ਚਾਂਸਲਰ ਦੀ RSS ਮੁਖੀ ਅੱਗੇ ਭੂਮਿਕਾ ਨੂੰ “ਸ਼ਰਮਨਾਕ” ਦੱਸਦੇ ਹੋਏ ਆਮ ਆਦਮੀ ਪਾਰਟੀ ’ਤੇ ਪੰਜਾਬ ਦੇ ਸਿੱਖਿਆ ਤੰਤਰ ਵਿੱਚ ਵਿਚਾਰਧਾਰਕ ਘੁਸਪੈਠ ਦਾ ਇਲਜ਼ਾਮ ਲਾਇਆ। ਬਾਜਵਾ ਨੇ X (ਟਵਿੱਟਰ) ’ਤੇ ਲਿਖਿਆ, “GNDU ਦਾ VC RSS ਮੁਖੀ ਅੱਗੇ ਝੁਕ ਰਿਹਾ ਹੈ, ਇਹ ਸਿਰਫ ਸ਼ਰਮਨਾਕ ਹੀ ਨਹੀਂ – ਇਹ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਸਿੱਖਿਆ ਨੂੰ ਕਿਵੇਂ ਹਾਈਜੈਕ ਕੀਤਾ ਜਾ ਰਿਹਾ ਹੈ। ਕੇਜਰੀਵਾਲ, ਇੱਕ ਲੁਕਿਆ ਹੋਇਆ ਸੰਘੀ ਹੈ ਅਤੇ ਭਗਵੰਤ ਮਾਨ RSS ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲੇ ਦੀ ਇਜਾਜ਼ਤ ਦੇ ਰਹੇ ਹਨ।
ਕਾਂਗਰਸੀ ਵਿਧਾਇਕ ਤੇ ਸਾਬਕਾ ਓਲੰਪਿਕ ਹਾਕੀ ਖਿਡਾਰੀ ਪਰਗਟ ਸਿੰਘ ਨੇ ਵੀ ਇਹ ਵਿਡੀਓ ਆਪਣੇ X ਖਾਤੇ ’ਤੇ ਸਾਂਝੀ ਕਰਦੇ ਹੋਏ ਚੇਤਾਵਨੀ ਦਿੱਤੀ ਕਿ ਇਹ ਸਮਾਗਮ ਪੰਜਾਬ ਦੇ ਉੱਚ ਸਿੱਖਿਆ ਸੰਸਥਾਨਾਂ ਵਿੱਚ RSS ਦੀ ਵਧ ਰਹੀ ਪਹੁੰਚ ਨੂੰ ਦਰਸਾਉਂਦਾ ਹੈ। ਉਨ੍ਹਾਂ ਲਿਖਿਆ ਹੈ ਕਿ ਜਦੋਂ GNDU ਦਾ VC RSS ਮੁਖੀ ਨੂੰ ਨੀਵੇਂ ਹੋ ਕੇ ਵਿਸਥਾਰ ਨਾਲ ਸਮਝਾ ਰਿਹਾ ਹੈ ਤਾਂ ਇਹ ਸਿੱਧਾ-ਸਾਫ਼ ਸੰਕੇਤ ਦਿੰਦਾ ਹੈ ਕਿ AAP ਸਰਕਾਰ ਨੇ RSS ਨੂੰ ਪੰਜਾਬ ਦੀ ਪੂਰੀ ਸਿੱਖਿਆ ਪ੍ਰਣਾਲੀ ਉੱਤੇ ਕਬਜ਼ਾ ਕਰਨ ਦੀ ਛੂਟ ਦੇ ਦਿੱਤੀ ਹੈ। ਨਵੀਂ ਸਿੱਖਿਆ ਨੀਤੀ NEP ਨੂੰ ਪੂਰੀ ਤਰ੍ਹਾਂ ਲਾਗੂ ਕਰਕੇ AAP ਪਹਿਲਾਂ ਹੀ ਹਿੰਦੂਤਵ ਏਜੰਡੇ ਦੇ ਅੱਗੇ ਝੁਕ ਚੁੱਕੀ ਹੈ।”
ਇਹ ਪੂਰਾ ਮਾਮਲਾ ਫਿਰ ਤੋਂ ਸਿੱਖ ਕੌਮ ਵਿੱਚ ਵਧ ਰਹੀਆਂ ਆਈਡਿਆਲੋਜੀਕਲ ਚਿੰਤਾਵਾਂ, ਧਾਰਮਿਕ ਪਹਿਚਾਣ ਅਤੇ ਸਿੱਖ ਸਥਾਪਨਾਵਾਂ ਵਿੱਚ ਸੰਸਕ੍ਰਿਤਿਕ ਦਖਲਅੰਦਾਜ਼ੀ ਦੀ ਗੰਭੀਰਤਾ ਨੂੰ ਉਜਾਗਰ ਕਰ ਰਿਹਾ ਹੈ। ਭਾਵੇਂ SGPC ਵੱਲੋਂ ਲਿਆ ਗਿਆ ਤੁਰੰਤ ਕਦਮ ਕਿਸ ਹੱਦ ਤੱਕ ਤਣਾਅ ਘਟਾਉਂਦਾ ਹੈ, ਪਰ ਇਹ ਮਾਮਲਾ ਪੰਜਾਬ ਦੀ ਸਿੱਖਿਆ ਦੀ ਖੁਦਮੁਖਤਿਆਰੀ ਅਤੇ ਘੱਟਗਿਣਤੀਆਂ ਦੀ ਪਛਾਣ ਬਚਾਉਣ ਦੀ ਚਰਚਾ ਨੂੰ ਨਵਾਂ ਰੁਖ ਦੇ ਚੁੱਕਾ ਹੈ।

BJP ਆਈ VC ਕਰਮਜੀਤ ਸਿੰਘ ਦੇ ਹੱਕ ’ਚ
ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੇ ਹੱਕ ਵਿੱਚ ਆ ਕੇ ਬਿਆਨ ਦਿੱਤਾ ਹੈ। SGPC ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਲਈ ਸੇਵਾ ਨਿਯਮ ਤੈਅ ਕਰਨ ਲਈ ਬਣਾਈ ਕਮੇਟੀ ਤੋਂ ਉਨ੍ਹਾਂ ਨੂੰ ਹਟਾਏ ਜਾਣ ਮਗਰੋਂ BJP ਦੇ ਬੁਲਾਰੇ ਸਰਚਾਂਦ ਸਿੰਘ ਨੇ ਕਿਹਾ, “ਮੈਂ ਸਾਫ਼ ਕਹਿਣਾ ਚਾਹੁੰਦਾ ਹਾਂ ਕਿ ਇਹ ਫੈਸਲਾ ਸ਼ਾਇਦ ਗਲਤਫਹਿਮੀਆਂ ਤੇ ਅਧਾਰਿਤ ਹੈ। ਮੈਂ SGPC ਨੂੰ ਅਪੀਲ ਕਰਦਾ ਹਾਂ ਕਿ ਆਪਣੇ ਫੈਸਲੇ ’ਤੇ ਦੁਬਾਰਾ ਵਿਚਾਰ ਕਰੇ।”

error: Content is protected !!