ਹਰਿਆਣਾ ਦੇ ਗੁਰਦੁਆਰਾ ਕਮਿਸ਼ਨ ਨੇ ਹਾਈਕੋਰਟ ‘ਚ ਦਾਖ਼ਲ ਕੀਤਾ ਹਲਫ਼ਨਾਮਾ
ਚੰਡੀਗੜ੍ਹ, 25 ਦਸੰਬਰ 2024 (ਫਤਿਹ ਪੰਜਾਬ ਬਿਊਰੋ) Haryana Gurdwaras Election Commissioner ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਕੋਲ ਦਰਜ ਸਿਆਸੀ ਦਲ ਨੂੰ ਆਪਣੀ ਪਾਰਟੀ ਵਜੋਂ ਜਾਂ ਪਾਰਟੀ ਦੇ ਚੋਣ ਨਿਸ਼ਾਨ ਉੱਪਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਲੜਨ ਦੀ ਇਜਾਜ਼ਤ ਨਹੀਂ ਹੈ।
ਇਹ ਬਿਆਨ ਸ਼੍ਰੋਮਣੀ ਅਕਾਲੀ ਦਲ ਨੂੰ HSGMC elections ਲੜਨ ਤੋਂ ਅਯੋਗ ਠਹਿਰਾਏ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੇ ਜਵਾਬ ਵਿੱਚ ਦਾਖਲ ਕੀਤਾ ਗਿਆ ਹੈ ਕਿਉਂਕਿ ਅਕਾਲੀ ਦਲ ਨੂੰ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਰਜਿਸਟਰਡ ਸਿਆਸੀ ਪਾਰਟੀ ਵਜੋਂ ਦਰਜਾ ਰੱਖਣ ਕਾਰਨ ਉਕਤ ਕਮਿਸ਼ਨ ਵੱਲੋਂ ਚੋਣਾਂ ਲੜਨ ਤੋਂ ਰੋਕ ਦਿੱਤਾ ਗਿਆ ਸੀ।
HSGMC elections ਅਗਲੇ ਸਾਲ 19 ਜਨਵਰੀ ਨੂੰ ਹੋਣਗੀਆਂ
ਹਰਿਆਣਾ ਸਰਕਾਰ ਵੱਲੋਂ 24 ਦਸੰਬਰ, 2022 ਨੂੰ ਗੁਰਦੁਆਰਾ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤੇ ਜਸਟਿਸ (ਸੇਵਾਮੁਕਤ) ਐਚਐਸ ਭੱਲਾ ਨੇ ਉੱਚ ਅਦਾਲਤ ਵਿੱਚ ਦਾਖਲ ਕੀਤੇ ਇੱਕ ਹਲਫ਼ਨਾਮੇ ਵਿੱਚ ਕਿਹਾ ਹੈ ਕਿ ਭਾਵੇਂ ਪਟੀਸ਼ਨਰ Haryana Sikh Gurdwaras Management Committee ਦੀ ਚੋਣ ਲੜ ਸਕਦੇ ਹਨ, ਪਰ ਉਹ ਸਿਆਸੀ ਪਾਰਟੀ ਦੇ ਨਾਮ ਹੇਠ ਜਾਂ ਪਾਰਟੀ ਦੇ ਚੋਣ ਨਿਸ਼ਾਨ ਉਪਰ ਅਜਿਹਾ ਨਹੀਂ ਕਰ ਸਕਦੇ। ਸਾਬਕਾ ਜੱਜ ਨੇ ਹਾਈ ਕੋਰਟ ਵਿੱਚ ਕਿਹਾ ਕਿ ਇਹ ਵਿਵਸਥਾ ਸਾਲ 2023 ਦੇ ਚੋਣ ਨਿਸ਼ਾਨ ਅਲਾਟਮੈਂਟ ਆਰਡਰ ਵਿੱਚ ਜਾਣਬੁੱਝ ਕੇ ਸਪੱਸ਼ਟ ਕੀਤੀ ਗਈ ਹੈ ਤਾਂ ਕਿ ਚੈਰੀਟੇਬਲ ਅਤੇ ਧਾਰਮਿਕ ਸੰਸਥਾਵਾਂ ਲਈ ਚੋਣਾਂ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾ ਸਕੇ।
ਆਪਣੀ ਰਿੱਟ ਪਟੀਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸਿਆਸੀ ਪਾਰਟੀਆਂ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚ.ਐਸ.ਜੀ.ਐਮ.ਸੀ.) ਦੀਆਂ ਚੋਣਾਂ ਲੜਨ ਤੋਂ ਅਯੋਗ ਠਹਿਰਾਉਣ ਨੂੰ ਚੁਣੌਤੀ ਦਿੰਦਿਆਂ ਦਲੀਲ ਦਿੱਤੀ ਸੀ ਕਿ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਰਜਿਸਟਰਡ ਸਿਆਸੀ ਪਾਰਟੀ ਨੂੰ ਧਾਰਮਿਕ ਸੰਸਥਾਵਾਂ ਦੀਆਂ ਚੋਣਾਂ ਵਿਚ ਹਿੱਸਾ ਲੈਣ ਤੋਂ ਸਿਰਫ਼ ਇਸ ਦੀ ਰਾਜਨੀਤਿਕ ਪਾਰਟੀ ਸਥਿਤੀ ਕਾਰਨ ਚੋਣ ਲੜਨ ਤੋਂ ਨਹੀਂ ਰੋਕਿਆ ਜਾਣਾ ਚਾਹੀਦਾ।
ਇਸ ਪਟੀਸ਼ਨ ਵਿੱਚ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨਰ ਦੇ 18 ਸਤੰਬਰ, 2023 ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਸਿਆਸੀ ਪਾਰਟੀਆਂ ਨੂੰ ਇਹ ਗੁਰਦੁਆਰਾ ਚੋਣਾਂ ਲੜਨ ਤੋਂ ਅਯੋਗ ਠਹਿਰਾਇਆ ਗਿਆ ਸੀ ਅਤੇ ਇਸ ਹੁਕਮ ਨੂੰ ਅਲਟਰਾ ਵਾਇਰਸ ਅਤੇ ਸੰਵਿਧਾਨ ਦੀ ਧਾਰਾ 14, 19, ਅਤੇ 29-30 ਦੀ ਉਲੰਘਣਾ ਦੱਸਿਆ ਸੀ।
ਅਕਾਲੀ ਦਲ ਨੇ ਦਲੀਲ ਦਿੱਤੀ ਸੀ ਕਿ ਇਸ ਹੁਕਮ ਨੇ ਲੋਕ ਪ੍ਰਤੀਨਿਧਤਾ ਕਾਨੂੰਨ ਤਹਿਤ ਰਜਿਸਟਰਡ ਸਿਆਸੀ ਪਾਰਟੀਆਂ ਅਤੇ ਹੋਰ ਸਿੱਖ ਸਮੂਹਾਂ ਜਾਂ ਸੰਗਠਨਾਂ ਵਿਚਕਾਰ ਬੇਇਨਸਾਫ਼ੀ ਦਾ ਭੇਦਭਾਵ ਪੈਦਾ ਕੀਤਾ ਹੈ। ਇਸ ਤੋਂ ਇਲਾਵਾ, ਪਾਰਟੀ ਨੇ ਦਾਅਵਾ ਕੀਤਾ ਸੀ ਕਿ ਕਮਿਸ਼ਨਰ ਨੇ ਅਜਿਹਾ ਨਿਰਦੇਸ਼ ਜਾਰੀ ਕਰਨ ਵਿੱਚ ਆਪਣੇ ਅਧਿਕਾਰ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਕੰਮ ਕੀਤਾ ਹੈ।
ਸਾਬਕਾ ਜੱਜ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 2014 ਦੇ ਕਾਨੂੰਨ ਦੀ ਧਾਰਾ 13 ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਉਸ ਕੋਲ ਨਿਗਰਾਨ, ਨਿਰਦੇਸ਼ਨ, ਨਿਯੰਤਰਣ, ਅਤੇ ਵੋਟਰ ਸੂਚੀਆਂ ਤਿਆਰ ਕਰਾਉਣ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਕਰਵਾਉਣ ਦੀ ਜ਼ਿੰਮੇਵਾਰੀ ਹੈ।
ਇਸੇ ਕਾਨੂੰਨ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ, ਰਾਜ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਵਾਰਡਾਂ ਅਤੇ ਚੋਣਾਂ ਦੀ ਸੀਮਾਬੰਦੀ) ਨਿਯਮ, 2023 ਜਾਰੀ ਕੀਤਾ ਹੈ। ਇਹਨਾਂ ਨਿਯਮਾਂ ਵਿੱਚਲੇ 18 ਰੂਲ ਰਾਹੀਂ ਕਮਿਸ਼ਨਰ ਨੂੰ ਵੱਖ-ਵੱਖ ਸਮੂਹਾਂ ਜਾਂ ਸੰਗਠਨਾਂ ਦੇ ਉਮੀਦਵਾਰਾਂ ਨੂੰ ਅਲਾਟ ਕੀਤੇ ਜਾਣ ਵਾਲੇ ਚਿੰਨ੍ਹਾਂ ਦੀ ਸੂਚੀ ਅਧਿਕਾਰਤ ਗਜ਼ਟ ਵਿੱਚ ਪ੍ਰਕਾਸ਼ਤ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਉੱਨਾਂ ਹਲਫਨਾਮੇ ਵਿੱਚ ਕਿਹਾ ਹੈ ਕਿ ਸਾਲ 2023 ਦਾ ਆਰਡਰ ਚੈਰੀਟੇਬਲ ਸੰਸਥਾਵਾਂ ਲਈ ਚੋਣ ਪ੍ਰਕਿਰਿਆ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਹੀ ਲਾਗੂ ਕੀਤਾ ਗਿਆ ਸੀ। ਚੋਣ ਨਿਸ਼ਾਨ ਅਲਾਟਮੈਂਟ ਆਰਡਰ 2023 ਦੀ ਧਾਰਾ 10 ਵਿੱਚ ਕਿਹਾ ਗਿਆ ਹੈ ਕਿ ਇੱਕ ਸਮੂਹ ਜਾਂ ਸੰਗਠਨ ਵੱਲੋਂ ਉਮੀਦਵਾਰ ਖੜ੍ਹਾ ਕਰਨ ਅਤੇ ਚੋਣ ਲਈ ਇੱਕ ਸਾਂਝਾ ਚਿੰਨ੍ਹ ਪ੍ਰਾਪਤ ਕਰਨ ਲਈ ਉਸ ਕੋਲ ਘੱਟੋ ਘੱਟ 50 ਸਿੱਖ ਮੈਂਬਰਾਂ ਦਾ ਹੋਣਾ ਲਾਜ਼ਮੀ ਹੈ।
ਨਿਯਮ 10 ਦੀ ਵਿਆਖਿਆ ਕਰਦੇ ਹੋਏ, ਹਲਫ਼ਨਾਮੇ ਵਿੱਚ ਕਿਹਾ ਗਿਆ ਹੈ ਕਿ ਇਹ ਲੋਕ ਪ੍ਰਤੀਨਿਧਤਾ ਕਾਨੂੰਨ, 1951 ਦੀ ਧਾਰਾ 29ਏ ਦੇ ਤਹਿਤ ਚੋਣ ਕਮਿਸ਼ਨ ਵਿੱਚ ਰਜਿਸਟਰਡ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਆਪਣੀ ਸਿਆਸੀ ਪਾਰਟੀ ਦੇ ਨਾਮ ਹੇਠ HSGMC ਚੋਣਾਂ ਲੜਨ ਲਈ ਇੱਕ ਸਮੂਹ ਜਾਂ ਸੰਗਠਨ ਬਣਾਉਣ ਤੋਂ ਰੋਕਦਾ ਹੈ।
ਇਹ ਨਿਯਮ ਇਹ ਵੀ ਸੁਨਿਸ਼ਚਿਤ ਕਰਦਾ ਹੈ ਕਿ ਕੋਈ ਵੀ ਸਮੂਹ ਜਾਂ ਸੰਗਠਨ ਕਿਸੇ ਅਜਿਹੇ ਸਾਂਝੇ ਚੋਣ ਚਿੰਨ੍ਹ ਨੂੰ ਲੈਣ ਲਈ ਅਰਜ਼ੀ ਨਹੀਂ ਦੇ ਸਕਦਾ ਹੈ ਜੋ ਕਿਸੇ ਸਿਆਸੀ ਪਾਰਟੀ ਦੇ ਨਾਮ ਨਾਲ ਮਿਲਦਾ-ਜੁਲਦਾ ਹੋਵੇ ਜਾਂ ਸਮਾਨ ਹੋਵੇ।
ਸਾਬਕਾ ਜੱਜ ਨੇ ਪਟੀਸ਼ਨ ਨੂੰ ਖਾਰਜ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਦੁਆਰਾ ਨਿਯਮਾਂ ਦੀ ਵਿਆਖਿਆ ਪੂਰੀ ਤਰ੍ਹਾਂ ਗਲਤ ਧਾਰਨਾ ਨਾਲ ਕੀਤੀ ਹੈ। ਪਟੀਸ਼ਨਰ ਦਾ ਦਾਅਵਾ ਧਾਰਾ 10 ਨੂੰ ਗਲਤ ਪੜ੍ਹਨ ਤੋਂ ਪੈਦਾ ਹੋਇਆ ਹੈ, ਖਾਸ ਤੌਰ ‘ਤੇ ਚੋਣ ਨਿਸ਼ਾਨ ਅਲਾਟਮੈਂਟ ਆਰਡਰ 2023 ਦੀ ਧਾਰਾ 10 ਦੀ ਵਿਵਸਥਾ ਦੇ ਮੱਦੇਨਜ਼ਰ। ਇਹ ਨਿਯਮ ਸਿਆਸੀ ਪਾਰਟੀਆਂ ਨੂੰ ਚੋਣਾਂ ਲੜਨ ਤੋਂ ਨਹੀਂ ਰੋਕਦਾ ਸਗੋਂ ਇਹ ਸਿਰਫ ਉਹਨਾਂ ਨੂੰ ਆਪਣੀ ਪਾਰਟੀ ਦੇ ਨਾਮ ਹੇਠ HSGMC ਚੋਣਾਂ ਲਈ ਇੱਕ ਸਮੂਹ ਬਣਾਉਣ ਤੋਂ ਰੋਕਦਾ ਹੈ। ਇਸ ਦਾ ਮਤਲਬ ਹੈ ਕਿ ਸਿਆਸੀ ਪਾਰਟੀਆਂ ਜਾਂ ਉਨ੍ਹਾਂ ਦੇ ਮੈਂਬਰ ਵੱਖਰਾ ਗਰੁੱਪ ਜਾਂ ਸੰਗਠਨ ਬਣਾ ਕੇ ਹੀ ਹਿੱਸਾ ਲੈ ਸਕਦੇ ਹਨ।
ਹਲਫ਼ਨਾਮੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹੁਣ ਤੱਕ ਚਾਰ ਧੜਿਆਂ-ਸਿੱਖ ਸਮਾਜ ਸੰਸਥਾ, ਪੰਥਕ ਦਲ ਹਰਿਆਣਾ (ਝੀਂਡਾ ਗਰੁੱਪ), ਗੁਰਦੁਆਰਾ ਸੰਘਰਸ਼ ਕਮੇਟੀ ਹਰਿਆਣਾ ਅਤੇ ਹਰਿਆਣਾ ਸਿੱਖ ਪੰਥਕ ਦਲ ਨੇ ਚੋਣਾਂ ਲੜਨ ਲਈ ਅਪਲਾਈ ਕੀਤਾ ਹੈ ਅਤੇ ਇਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾ ਚੁੱਕੇ ਹਨ।