ਪਾਰਟੀ ਦੀ ਅੰਦਰੂਨੀ ਜਾਂਚ ਮੁਤਾਬਿਕ ਬੀਬੀ ਨੇ ਭਾਜਪਾ ਲਈ ਨਹੀਂ ਕੀਤਾ ਕੋਈ ਪ੍ਰਚਾਰ

ਚੰਡੀਗੜ੍ਹ, 15 ਮਈ 2024 (ਫਤਿਹ ਪੰਜਾਬ) ਸ਼੍ਰੋਮਣੀ ਅਕਾਲੀ ਦਲ ਨੇ ਬੁੱਧਵਾਰ ਨੂੰ ਪਾਰਟੀ ਦੀ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੀ ਮੈਂਬਰ ਬੀਬੀ ਹਰਜਿੰਦਰ ਕੌਰ ਦੀ ਬਰਖਾਸਤਗੀ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਈ ਹੈ।

ਇੱਕ ਬਿਆਨ ਵਿੱਚ ਪਾਰਟੀ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸ ਮਾਮਲੇ ਦੇ ਸਾਰੇ ਤੱਥਾਂ ਦੀ ਪੜਤਾਲ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਵੇਰ ਦੀ ਸੈਰ ਦੌਰਾਨ ਭਾਜਪਾ ਉਮੀਦਵਾਰ ਬੀਬੀ ਹਰਜਿੰਦਰ ਕੌਰ ਨੂੰ ਰਸਤੇ ਵਿੱਚ ਟੱਕਰਿਆ ਸੀ ਅਤੇ ਉਨ੍ਹਾਂ ਭਾਜਪਾ ਲਈ ਕੋਈ ਪ੍ਰਚਾਰ ਨਹੀਂ ਕੀਤਾ ਅਤੇ ਨਾ ਹੀ ਭਗਵਾ ਪਾਰਟੀ ਦੇ ਕਿਸੇ ਮੰਚ ‘ਤੇ ਗਈ ਹੈ। ਇਸ ਅਨੁਸਾਰ, ਪਾਰਟੀ ਦੇ ਪੁਰਾਣੇ ਫੈਸਲੇ ਦੀ ਸਮੀਖਿਆ ਕਰਨ ਪਿੱਛੋਂ ਬਰਖਾਸਤਗੀ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।

ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਬੀਬੀ ਹਰਜਿੰਦਰ ਕੌਰ ਖਿਲਾਫ ਪਾਰਟੀ ਦੀ ਕਾਰਵਾਈ ਤੋਂ ਬਾਅਦ ਕਾਫੀ ਗਿਣਤੀ ਵਿੱਚ ਲੋਕਾਂ ਨੇ ਅਕਾਲੀ ਦਲ ਦੀ ਉੱਚ ਲੀਡਰਸ਼ਿਪ ਤੱਕ ਪਹੁੰਚ ਕੀਤੀ ਸੀ। ਪਾਰਟੀ ਦੇ ਧਿਆਨ ਵਿਚ ਇਹ ਵੀ ਲਿਆਂਦਾ ਗਿਆ ਕਿ ਬੀਬੀ ਨੇ ਕਿਸਾਨ ਮੋਰਚੇ ਦੇ ਨਾਲ-ਨਾਲ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਵਿਚ ਵੀ ਹਿੱਸਾ ਲਿਆ ਸੀ। ਇਸ ਤੋਂ ਇਲਾਵਾ ਸਮਾਜ ਸੇਵਾ, ਧਾਰਮਿਕ ਅਤੇ ਰਾਜਨੀਤਿਕ ਗਤੀਵਿਧੀਆਂ ਰਾਹੀਂ ਯੂਟੀ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਰੌਸ਼ਨ ਕੀਤਾ ਸੀ। ਬੀਬੀ ਨੇ ਪਾਰਟੀ ਨੂੰ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਅਕਾਲੀ ਹੈ ਅਤੇ ਹਮੇਸ਼ਾ ਅਕਾਲੀ ਹੀ ਰਹੇਗੀ ਅਤੇ ਅਕਾਲੀ ਆਦਰਸ਼ ਹੀ ਉਹਨਾਂ ਦੇ ਜੀਵਨ ਅਤੇ ਆਚਰਣ ਦਾ ਆਧਾਰ ਬਣੇ ਹੋਏ ਹਨ।

ਅਕਾਲੀ ਆਗੂ ਭੂੰਦੜ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਸਮੁੱਚੇ ਮਾਮਲੇ ਤੋਂ ਜਾਣੂ ਕਰਵਾਇਆ ਗਿਆ ਸੀ, ਜਿਸ ਵਿੱਚ ਇਹ ਤੱਥ ਵੀ ਸ਼ਾਮਲ ਹੈ ਕਿ ਬੀਬੀ ਨੇ ਹਮੇਸ਼ਾਂ ਪੰਥਕ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਿਆ ਹੈ।

Skip to content