ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਜਾਰੀ ਕੀਤੇ ਜਾਣਗੇ ਕਾਰਨ ਦੱਸੋ ਨੋਟਿਸ
ਚੰਡੀਗੜ੍ਹ, 9 ਮਾਰਚ 2025 (ਫਤਿਹ ਪੰਜਾਬ ਬਿਊਰੋ) ਸ਼੍ਰੋਮਣੀ ਅਕਾਲੀ ਦਲ (ਐਸ.ਏ.ਡੀ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਪਾਰਟੀ ਦੇ ਕੁਝ ਆਗੂਆਂ ਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਪਾਰਟੀ ਦੇ ਫੈਸਲਿਆਂ ਦੇ ਵਿਰੁੱਧ ਜਾਰੀ ਬਿਆਨਾਂ ਅਤੇ ਵੀਡੀਓਜ਼ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਪਾਰਟੀ ਵਿੱਚ ਕਿਸੇ ਵੀ ਕੀਮਤ ‘ਤੇ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮਾਮਲੇ ‘ਤੇ ਅੱਜ ਚੰਡੀਗੜ੍ਹ ਵਿੱਚ ਹੋਈ ਪਾਰਟੀ ਦੇ ਮੁੱਖ ਦਫਤਰ ਵਿੱਚ ਅਕਾਲੀ ਦਲ ਦੇ ਸੰਸਦੀ ਬੋਰਡ ਦੀ ਮੀਟਿੰਗ ਵਿੱਚ ਚਰਚਾ ਕੀਤੀ ਗਈ ਜਿਸ ਵਿੱਚ ਸਰਦਾਰ ਗੁਲਜ਼ਾਰ ਸਿੰਘ ਰਾਣੀਕੇ, ਸਰਦਾਰ ਜਨਮੇਜਾ ਸਿੰਘ ਸੇਖੋਂ, ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਸਰਦਾਰ ਹੀਰਾ ਸਿੰਘ ਗਾਬੜੀਆ ਅਤੇ ਡਾ. ਦਲਜੀਤ ਸਿੰਘ ਚੀਮਾ ਸ਼ਾਮਲ ਹੋਏ।
ਪਾਰਟੀ ਦਾ ਇਹ ਫੈਸਲਾ ਡਾ. ਦਲਜੀਤ ਸਿੰਘ ਚੀਮਾ ਨੇ ਸ਼ੋਸ਼ਲ ਮੀਡੀਆ ਹੈਂਡਲ ਐਕਸ ਉੱਤੇ ਜਾਰੀ ਕੀਤਾ ਹੈ ਜਿਸ ਵਿੱਚ ਸਰਦਾਰ ਭੂੰਦੜ ਨੇ ਕਿਹਾ, “ਹਰੇਕ ਵਰਕਰ ਨੂੰ ਪਾਰਟੀ ਪਲੇਟਫਾਰਮ ‘ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ, ਪਰ ਪਾਰਟੀ ਅਨੁਸ਼ਾਸਨ ਤੋੜਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਪਾਰਟੀ ਤੋਂ ਉੱਪਰ ਕੋਈ ਨਹੀਂ ਹੈ।” ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਰਟੀ-ਵਿਰੁੱਧੀ ਜਾਰੀ ਸਾਰੇ ਬਿਆਨਾਂ ਅਤੇ ਵੀਡੀਓਜ਼ ਨੂੰ ਪਾਰਟੀ ਦੀ ਅਨੁਸ਼ਾਸਨ ਕਮੇਟੀ ਕੋਲ ਭੇਜਿਆ ਜਾ ਰਿਹਾ ਹੈ ਅਤੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੇ ਜਵਾਬਾਂ ਦੀ ਪੜਚੋਲ ਤੋਂ ਬਾਅਦ ਮੈਰਿਟ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਘਟਨਾ ਦਾ ਪਿਛੋਕੜ SGPC ਵੱਲੋਂ ਪਿਛਲੇ ਦਿਨੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਨਾਲ ਜੁੜਿਆ ਹੈ ਜਿਸ ਨੇ ਪਾਰਟੀ ਅੰਦਰ ਅਤੇ ਸਿੱਖ ਜਗਤ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਇਸ ਫੈਸਲੇ ਦਾ ਜਨਤਕ ਵਿਰੋਧ ਕੀਤਾ ਹੈ ਅਤੇ ਹੋਰਨਾਂ ਨੇ ਅਜਿਹਾ ਕਰਦੇ ਹੋਏ ਪਾਰਟੀ ਤੋਂ ਅਸਤੀਫ਼ੇ ਦੇ ਦਿੱਤੇ ਹਨ ਜਿਸ ਨਾਲ ਪਾਰਟੀ ਵਿੱਚ ਰਾਜਸੀ ਸੰਕਟ ਹੋਰ ਡੂੰਘਾ ਹੋ ਗਿਆ ਹੈ। ਸਰਦਾਰ ਭੂੰਦੜ ਦਾ ਇਹ ਬਿਆਨ ਪਾਰਟੀ ਅੰਦਰ ਅਨੁਸ਼ਾਸਨ ਬਹਾਲ ਕਰਨ ਅਤੇ ਵਿਰੋਧੀ ਆਵਾਜ਼ਾਂ ਨੂੰ ਦਬਾਉਣ ਦੀ ਇੱਕ ਸਪੱਸ਼ਟ ਕੋਸ਼ਿਸ਼ ਨੂੰ ਦਰਸਾਉਂਦਾ ਹੈ।
ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਦੇ ਫੈਸਲਿਆਂ ਅਤੇ ਵਿਰੋਧੀ ਆਗੂਆਂ ਦੇ ਜਵਾਬਾਂ ‘ਤੇ ਨਜ਼ਰ ਰਹੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਪਾਰਟੀ ਦੇ ਅੰਦਰੂਨੀ ਵਿਵਾਦਾਂ ਨੂੰ ਸੁਲਝਾਉਣ ਅਤੇ ਇੱਕਜੁੱਟਤਾ ਬਹਾਲ ਕਰਨ ਲਈ ਇਹ ਕਦਮ ਕਾਰਗਰ ਸਾਬਿਤ ਹੁੰਦਾ ਹੈ ਜਾਂ ਨਹੀਂ। ਪਾਰਟੀ ਦੇ ਭਵਿੱਖ ਦੀ ਦਿਸ਼ਾ ਇਨ੍ਹਾਂ ਫੈਸਲਿਆਂ ‘ਤੇ ਨਿਰਭਰ ਕਰੇਗੀ।
