ਚੰਡੀਗੜ੍ਹ 19 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਦਿੱਲੀ ਵਿੱਚ ਚੋਣ ਹਾਰਨ ਪਿੱਛੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਭਗਵੰਤ ਮਾਨ ਸਰਕਾਰ ਚਰਚਿਤ Behbil Kalan Police Firing ਬਹਿਬਲ ਕਲਾਂ ਪੁਲਿਸ ਗੋਲੀ ਮੁਕੱਦਮੇ ਦੀ ਜਾਂਚ ਨੂੰ ਜਲਦ ਸਿਰੇ ਲਾਉਣਾ ਚਾਹੁੰਦੀ ਹੈ ਜਿਸ ਕਰਕੇ ਇਸ ਕੇਸ ਦੀ ਜਾਂਚ ਕਰ ਰਹੀ Special Investigation Team ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਇਸ ਜਾਂਚ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਰਣਨੀਤੀ ਬਣਾਈ ਹੈ।
ਬੀਤੇ ਦਿਨ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਨੌਨਿਹਾਲ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਨੇ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਅਤੇ ਚੱਲ ਰਹੀ ਜਾਂਚ ਨੂੰ ਜਲਦ ਨੇਪਰੇ ਚਾੜਨ ਲਈ ਵਿਚਾਰ ਵਟਾਂਦਰਾ ਕੀਤਾ।
ਦੱਸ ਦੇਈਏ ਕਿ 9 ਸਾਲ ਪਹਿਲਾਂ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਵਿਰੋਧ ਵਿੱਚ ਕੀਤੇ ਪ੍ਰਦਰਸ਼ਨਾਂ ਦੌਰਾਨ 14 ਅਕਤੂਬਰ, 2015 ਨੂੰ ਪੰਜਾਬ ਪੁਲਿਸ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਈ ਸੀ ਜਿਸ ਵਿੱਚ ਦੋ ਪ੍ਰਦਰਸ਼ਨਕਾਰੀਆਂ – ਸਰਾਵਾਂ ਪਿੰਡ ਦੇ ਗੁਰਜੀਤ ਸਿੰਘ ਅਤੇ ਨਿਆਮੀਵਾਲਾ ਪਿੰਡ ਦੇ ਕ੍ਰਿਸ਼ਨ ਭਗਵਾਨ ਸਿੰਘ, ਦੀ ਮੌਤ ਹੋ ਗਈ ਸੀ ਜਦੋਂ ਕਿ ਕੋਟਕਪੂਰਾ ਵਿੱਚ ਕਈ ਹੋਰ ਜ਼ਖਮੀ ਹੋ ਗਏ ਸਨ। ਇਸ ਸਬੰਧੀ ਦੋ ਮੁਕੱਦਮੇ ਦਰਜ ਹੋਏ ਸਨ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕੋਟਕਪੂਰਾ ਗੋਲੀ ਕਾਂਡ ਵਿੱਚ ਤਤਕਾਲੀ ਆਈਜੀਪੀ ਕੁੰਵਰ ਵਿਜੇ ਪ੍ਰਤਾਪ (ਹੁਣ ‘ਆਪ’ ਵਿਧਾਇਕ) ਵਾਲੀ ਐਸਆਈਟੀ ਰਿਪੋਰਟ ਦੇ ਨਤੀਜਿਆਂ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਇਸ ਕੇਸ ਦੀ ਮੁੜ ਜਾਂਚ ਲਈ 15 ਮਈ, 2021 ਨੂੰ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਇੱਕ ਨਵੀਂ ਐਸਆਈਟੀ ਦਾ ਗਠਨ ਕੀਤਾ ਸੀ। ਐਸਆਈਟੀ ਦੇ ਦੋ ਹੋਰ ਮੈਂਬਰਾਂ ਵਿੱਚ ਡੀਆਈਜੀ (ਸਰਹੱਦੀ ਰੇਂਜ) ਸਤਿੰਦਰ ਸਿੰਘ ਅਤੇ ਏਆਈਜੀ ਸਵਰਨਦੀਪ ਸਿੰਘ ਸ਼ਾਮਲ ਹਨ।
ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਾਲੀ ਪਹਿਲਾਂ ਵਾਲੀ ਐਸਆਈਟੀ ਨੇ ਬਹਿਬਲ ਕਲਾਂ ਮਾਮਲੇ ਵਿੱਚ ਸੱਤ ਮੁਲਜ਼ਮਾਂ ਵਿਰੁੱਧ ਪੰਜ ਚਾਰਜਸ਼ੀਟਾਂ ਦਾਇਰ ਕੀਤੀਆਂ ਸਨ। ਅਪ੍ਰੈਲ 2019 ਵਿੱਚ ਪਹਿਲੀ ਚਾਰਜਸ਼ੀਟ ਵਿੱਚ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੂੰ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਸੀ ਜਦੋਂ ਕਿ ਜਨਵਰੀ 2021 ਵਿੱਚ ਦਾਇਰ ਕੀਤੀ ਗਈ ਤਾਜ਼ਾ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਮਾਸਟਰਮਾਈਂਡ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇੰਸਪੈਕਟਰ ਪਰਦੀਪ ਸਿੰਘ ਇਸ ਮੁਕੱਦਮੇ ਵਿੱਚ ਸਰਕਾਰੀ ਗਵਾਹ ਬਣ ਗਿਆ ਸੀ।
ਜਿਕਰਯੋਗ ਹੈ ਕਿ ਪਿਛਲੇ ਸਾਲ ਮਈ ਮਹੀਨੇ ਤੋਂ ਬਹਿਬਲ ਕਲਾਂ ਅਤੇ ਕੋਟਕਪੂਰਾ ਪੁਲਿਸ ਗੋਲੀ ਕਾਂਡ ਦੇ ਇੰਨਾਂ ਮੁਕੱਦਮਿਆਂ ਵਿਚੋਂ ਇੱਕ ਕੇਸ ਨੂੰ ਫਰੀਦਕੋਟ ਤੋਂ ਚੰਡੀਗੜ੍ਹ ਤਬਦੀਲ ਕਰਨ ਕਾਰਨ ਸੁਣਵਾਈ ਠੱਪ ਪਈ ਹੈ। ਇਸ ਪਿੱਛੋਂ ਪੀੜਤਾਂ ਨੇ ਕੇਸ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਤਬਦੀਲ ਕਰਨ ਦਾ ਤਿੱਖਾ ਵਿਰੋਧ ਕੀਤਾ ਸੀ ਅਤੇ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੀ ਇਸ ਕੇਸ ਦੇ ਲਟਕਣ ਅਤੇ ਨਿਆਂ ਮਿਲਣ ਵਿੱਚ ਦੇਰੀ ਹੋਣ ਕਾਰਨ ‘ਤੇ ਅਕਸਰ ਹੀ ਆਪਣੀ ਪਾਰਟੀ ਦੀ ਆਲੋਚਨਾ ਕਰਦੇ ਰਹਿੰਦੇ ਹਨ।