ਚੰਡੀਗੜ੍ਹ 26 ਜਨਵਰੀ 2025 (ਫਤਿਹ ਪੰਜਾਬ ਬਿਊਰੋ) ਸੰਯੁਕਤ ਕਿਸਾਨ ਮੋਰਚਾ Sanyukt Kisan Morcha (SKM) ਨੇ ਦੇਸ਼ ਦੇ ਸਮੁੱਚੇ ਸੰਸਦ ਮੈਂਬਰਾਂ ਦੇ ਘਰਾਂ ਅਤੇ ਦਫਤਰਾਂ ਦੇ ਬਾਹਰ 8 ਅਤੇ 9 ਫਰਵਰੀ ਨੂੰ ਦੇਸ਼ ਵਿਆਪੀ ਧਰਨੇ ਦੇਣ ਦਾ ਐਲਾਨ ਕੀਤਾ ਹੈ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ। ਇੰਨਾਂ ਧਰਨਿਆਂ ਦਾ ਉਦੇਸ਼ ਸੰਸਦ ਮੈਂਬਰਾਂ ਨੂੰ ਸੰਸਦ ਦੇ ਅਗਾਮੀ ਇਜਲਾਸ ਦੌਰਾਨ ਰਾਸ਼ਟਰੀ ਨੀਤੀਗਤ ਢਾਂਚਾ ਤੇ ਖੇਤੀਬਾੜੀ ਮੰਡੀਕਰਨ (NPFAM), ਘੱਟੋ-ਘੱਟ ਸਮਰਥਨ ਮੁੱਲ (MSP) ਲਈ ਕਾਨੂੰਨੀ ਗਰੰਟੀ ਅਤੇ ਵਿਆਪਕ ਖੇਤੀ ਕਰਜ਼ਾ ਮੁਆਫੀ ਨਾਲ ਸਬੰਧਤ ਮੁੱਦੇ ਸੁਲਝਾਉਣ ਲਈ ਮਜਬੂਰ ਕੀਤਾ ਜਾ ਸਕੇ।
ਇਹ ਫੈਸਲੇ ਬੀਤੇ ਦਿਨ ਦਿੱਲੀ ਵਿੱਚ ਹੋਈ SKM ਦੀ ਜਨਰਲ ਬਾਡੀ ਮੀਟਿੰਗ ਦੌਰਾਨ ਲਏ ਗਏ।
ਉਧਰ SKM (ਗੈਰ-ਰਾਜਨੀਤਿਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਇੱਕ ਏਕਤਾ ਮੀਟਿੰਗ 12 ਫਰਵਰੀ ਨੂੰ ਚੰਡੀਗੜ੍ਹ ਵਿੱਚ ਹੋਣੀ ਹੈ ਜਿਸ ਤੋਂ ਬਾਅਦ 5 ਮਾਰਚ ਤੋਂ ਰਾਜ ਦੀਆਂ ਰਾਜਧਾਨੀਆਂ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ ਜਿਸ ਵਿੱਚ NPFAM ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਮਤੇ ਪਾਸ ਕਰਨ ਲਈ ਰਾਜ ਵਿਧਾਨ ਸਭਾਵਾਂ ਨੂੰ ਅਪੀਲ ਕੀਤੀ ਜਾਵੇਗੀ।
ਇਸ ਏਕਤਾ ਮੀਟਿੰਗ ਉਨ੍ਹਾਂ ਮੁੱਦਿਆਂ ਉੱਤੇ ਚਰਚਾ ਹੋਵੇਗੀ ਜੋ ਪੰਜਾਬ, ਹਰਿਆਣਾ ਸਰਹੱਦ ‘ਤੇ ਸਥਿਤ ਸ਼ੰਭੂ ਅਤੇ ਖਨੌਰੀ ਵਿਖੇ ਪ੍ਰਦਰਸ਼ਨ ਕਰ ਰਹੇ ਕਿਸਾਨ ਫੋਰਮਾਂ ਨੇ ਉਠਾਏ ਸਨ। ਏਜੰਡੇ ਦੀ ਰੂਪਰੇਖਾ ਦੇਣ ਵਾਲਾ ਇੱਕ ਪੱਤਰ ਇਨ੍ਹਾਂ ਫੋਰਮਾਂ ਨੂੰ ਭੇਜਿਆ ਜਾਵੇਗਾ, ਜਿਸ ਵਿੱਚ NPFAM ਦੇ ਪ੍ਰਭਾਵਾਂ ਅਤੇ ਵੰਡੇ ਹੋਏ ਕਿਸਾਨ ਸਮੂਹਾਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਤਾਲਮੇਲ ਕਮੇਟੀ ਦੇ ਗਠਨ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ 18 ਜਨਵਰੀ ਨੂੰ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿਖੇ ਹੋਈ ਪਿਛਲੀ ਏਕਤਾ ਮੀਟਿੰਗ ਦੌਰਾਨ ਕਈ ਮੁੱਦੇ ਵਿਚਾਰੇ ਗਏ ਸਨ ਜਿਸ ਕਾਰਨ SKM ਨੂੰ 24 ਜਨਵਰੀ ਨੂੰ ਆਪਣੀ ਜਨਰਲ ਹਾਊਸ ਦੀ ਮੀਟਿੰਗ ਤੱਕ ਫੈਸਲੇ ਮੁਲਤਵੀ ਕਰਨ ਲਈ ਮਜਬੂਰ ਹੋਣਾ ਪਿਆ।