ਟੋਰਾਂਟੋ, 15 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਅਧਿਕਾਰ ਖੇਤਰ ‘ਚ ਵਾਧਾ ਕਰਦਿਆਂ ਦੇਸ਼ ਦੀ ਸਰਕਾਰ ਵਲੋਂ ਵਿਦੇਸ਼ੀਆਂ ਦੇ ਵੀਜ਼ੇ ਅਤੇ ਪਰਮਿਟ ਰੱਦ ਕਰਨਾ ਸੌਖਾ ਕਰ ਦਿੱਤਾ ਗਿਆ ਹੈ। ਨਵੇਂ ਨਿਯਮ ‘ਚ ਦਰਜ ਹੈ ਕਿ ਜੇਕਰ ਵੀਜ਼ਾ ਜਾਂ ਪਰਮਿਟ ਪ੍ਰਸ਼ਾਸਕੀ ਗਲਤੀ ਨਾਲ ਜਾਰੀ ਹੋਣ ਜਾਂ ਗੁੰਮਰਾਹਕੁਨ ਤਰੀਕਿਆਂ (ਨਕਲੀ ਦਸਤਾਵੇਜ਼ਾਂ) ਨਾਲ ਜਾਰੀ ਹੋਣ ਬਾਰੇ ਅਧਿਕਾਰੀ ਨੂੰ ਤਸੱਲੀ ਹੋ ਜਾਵੇ ਕਿ ਤਾਂ ਉਸ ਵਲੋਂ ਉਸ ਨੂੰ ਮੌਕੇ ‘ਤੇ ਵੀਜ਼ਾ ਕੀਤਾ ਜਾ ਸਕਦਾ ਹੈ।
ਹੁਣ ਤੱਕ ਕੈਨੇਡਾ ਬਾਰਡਰ ਸਰਵਿਸਜ਼ ਏਜੰਸੀ (ਸੀ.ਬੀ.ਐਸ.ਏ.) ਦੇ ਅਧਿਕਾਰੀਆਂ ਕੋਲ ਆਪਣੀ ਤਸੱਲੀ ਨਾ ਹੋਣ ‘ਤੇ ਕਿਸੇ ਵੀਜ਼ਾ ਧਾਰਕ ਨੂੰ ਕਨੇਡਾ ਤੋਂ ਨਾਂਹ ਕਰਕੇ ਵਾਪਸ ਮੋੜਨ ਦਾ ਅਧਿਕਾਰ ਤਾਂ ਸੀ ਪਰ ਉਸ ਵਿਦੇਸ਼ੀ ਦਾ ਵੀਜ਼ਾ ਰੱਦ ਕਰਨਾ ਅਧਿਕਾਰੀ ਵਾਸਤੇ ਸੰਭਵ ਨਹੀਂ ਸੀ। ਜਿਸ ਦੂਤਾਵਾਸ ਤੋਂ ਵੀਜ਼ਾ ਜਾਰੀ ਕੀਤਾ ਗਿਆ ਹੁੰਦਾ ਸੀ ਉਹੀ ਦੂਤਾਵਾਸ ਵੀਜ਼ਾ ਰੱਦ ਕਰ ਸਕਦੇ ਸਨ ਅਤੇ ਵੀਜ਼ਾ ਰੱਦ ਕਰਨ ਦੀ ਈਮੇਲ ਸੀ.ਬੀ.ਐਸ.ਏ. ਅਧਿਕਾਰੀ ਵਲੋਂ ਦੂਤਾਵਾਸ ਨੂੰ ਭੇਜੀ ਜਾਂਦੀ ਸੀ।
ਹੁਣ 12 ਫਰਵਰੀ, 2025 ਤੋਂ ਲਾਗੂ ਕੀਤੀਆਂ ਗਈਆਂ ਨਵੀਂਆਂ ਸੋਧਾਂ ਅਨੁਸਾਰ ਕੈਨੇਡਾ ਦੇ ਵੀਜ਼ਾ ਧਾਰਕਾਂ ਨੂੰ ਵੀਜ਼ਾ ਰੱਦ ਕਰਕੇ ਉਨ੍ਹਾਂ ਦੇ ਦੇਸ਼ਾਂ ਨੂੰ ਵਾਪਸ ਮੋੜਨ ਦੀ ਪਰਕ੍ਰਿਆ ਨੂੰ ਸਰਲ ਕਰ ਦਿੱਤਾ ਗਿਆ ਹੈ।
ਆਮ ਤੌਰ ‘ਤੇ ਏਜੰਟਾਂ ਵਲੋਂ ਆਪਣੇ ਗਾਹਕਾਂ ਦੇ ਮਨਘੜਤ ਵੱਡੇ ਕਾਰੋਬਾਰ, ਉਚੀ ਪੜ੍ਹਾਈ ਅਤੇ ਨਕਲੀ ਸਪਾਂਸਰਸ਼ਿਪ ਦਸਤਾਵੇਜ਼ ਬਣਾ ਕੇ ਵੀਜ਼ੇ ਲੱਗਦੇ ਰਹੇ। ਭਾਂਵੇ ਕੈਨੇਡਾ ਦੇ ਹਵਾਈ ਅੱਡੇ ਅੰਦਰ ਕੰਪਿਊਟਰਾਂ ਰਾਹੀਂ ਕੀਤੀ ਉਸ ਧੋਖਾਧੜੀ ਦਾ ਪਰਦਾਫਾਸ਼ ਹੋ ਜਾਂਦਾ ਸੀ ਪਰ ਅਜਿਹੇ ਮੌਕੇ ਅਧਿਕਾਰੀ ਉਸ ਵਿਅਕਤੀ ਨੂੰ ਵਾਪਸ ਤਾਂ ਮੋੜ ਸਕਦੇ ਸਨ ਪਰ ਝੂਠੇ ਦਸਤਾਵੇਜ਼ਾਂ ਨਾਲ ਪ੍ਰਾਪਤ ਕੀਤਾ ਨਕਲੀ ਵੀਜ਼ਾ ਕੈਂਸਲ ਨਹੀਂ ਕੀਤਾ ਜਾ ਸਕਦਾ ਸੀ। ਹੁਣ ਅਧਿਕਾਰੀਆਂ ਵਲੋਂ ਉਹ ਵੀਜ਼ੇ ਮੌਕੇ ‘ਤੇ ਕੈਂਸਲ ਕਰਨੇ ਸੰਭਵ ਕਰ ਦਿਤਾ ਗਿਆ ਹੈ।
ਇੰਨਾਂ ਨਿਯਮਾਂ ਅਨੁਸਾਰ ਜੇਕਰ ਪਰਮਿਟ ਕੈਂਸਲ ਹੋਣ ਦੀ ਅਪੀਲ ਦੋ ਹਫ਼ਤਿਆਂ ਵਿੱਚ ਨਾ ਕੀਤੀ ਜਾਵੇ ਤਾਂ ਉਸ ਵਿਅਕਤੀ ਨੂੰ ਫੜ ਕੇ ਡਿਪੋਰਟ ਕਰਨਾ ਸੰਭਵ ਹੋਵੇਗਾ।