ਦੋਸ਼ੀ ਕਤਲ ਕਰਕੇ ਨੇਪਾਲ ਹੋਏ ਸੀ ਫਰਾਰ, ਮੁੜ ਪੰਜਾਬ ‘ਚ ਅਪਰਾਧ ਕਰਨ ਲਈ ਆਏ ਸੀ ਵਾਪਸ: ਗੌਰਵ ਯਾਦਵ
ਚੰਡੀਗੜ੍ਹ, 14 ਅਗਸਤ, 2025 (ਫਤਿਹ ਪੰਜਾਬ ਬਿਊਰੋ) ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਪਿੰਡ ਸ਼ੰਭੂ ਨੇੜੇ ਪਟਿਆਲਾ-ਅੰਬਾਲਾ ਹਾਈਵੇਅ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਅਤਿ ਲੋੜੀਂਦੇ ਕਾਰਕੁਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਸਟ੍ਰੀਆ ਦਾ ਬਣਿਆ 9 ਐਮਐਮ ਗਲੌਕ ਪਿਸਤੌਲ ਸਮੇਤ ਛੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਕਸ਼ੈ ਡੇਲੂ ਅਤੇ ਅੰਕਿਤ ਬਿਸ਼ਨੋਈ ਉਰਫ਼ ਕੱਕੜ ਦੋਵੇਂ ਵਾਸੀ ਪਿੰਡ ਖੈਰਪੁਰ, ਅਬੋਹਰ, ਫਾਜ਼ਿਲਕਾ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ੀ ਹੈਂਡਲਰਾਂ ਅਨਮੋਲ ਬਿਸ਼ਨੋਈ ਅਤੇ ਆਰਜ਼ੂ ਬਿਸ਼ਨੋਈ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਕਤਲ ਕਰਨ ਉਪਰੰਤ ਨੇਪਾਲ ਭੱਜ ਗਏ ਸਨ ਅਤੇ ਪੰਜਾਬ ਵਿੱਚ ਸਨਸਨੀਖੇਜ਼ ਅਪਰਾਧ ਨੂੰ ਅੰਜ਼ਾਮ ਦੇਣ ਲਈ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਵਾਪਸ ਆਏ ਸਨ।
ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮ ਅਪਰਾਧਿਕ ਇਤਿਹਾਸ ਵਾਲੇ ਹਨ ਅਤੇ ਉਨ੍ਹਾਂ ਵਿਰੁੱਧ ਪੰਜਾਬ, ਦਿੱਲੀ, ਰਾਜਸਥਾਨ ਅਤੇ ਗੁਜਰਾਤ ਵਿੱਚ ਕਤਲ, ਇਰਾਦਾ ਕਤਲ, ਜਬਰੀ ਵਸੂਲੀ, ਅਸਲਾ ਐਕਟ ਅਤੇ ਐਨਡੀਪੀਐਸ ਐਕਟ ਨਾਲ ਸਬੰਧਤ 15 ਤੋਂ ਵੱਧ ਘਿਨਾਉਣੇ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਦੱਸਿਆ ਕਿ ਉਹ 2 ਮਈ, 2025 ਨੂੰ ਫਾਜ਼ਿਲਕਾ ਵਿੱਚ ਭਾਰਤ ਰਤਨ ਉਰਫ਼ ਵਿੱਕੀ ਦੇ ਹਾਲ ਹੀ ਵਿੱਚ ਹੋਏ ਕਤਲ ਵਿੱਚ ਵੀ ਲੋੜੀਂਦੇ ਸਨ। ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦੇ ਅਗਲੇ-ਪਿਛਲੇ ਸਬੰਧ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।
ਇਸ ਆਪਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਏਡੀਜੀਪੀ ਏਜੀਟੀਐਫ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਨੂੰ ਦੋਵਾਂ ਮੁਲਜ਼ਮਾਂ ਦੇ ਸੂਬੇ ਵਿੱਚ ਦਾਖਲ ਹੋਣ ਬਾਰੇ ਸੂਹ ਮਿਲੀ ਸੀ।
ਏਡੀਜੀਪੀ ਨੇ ਦੱਸਿਆ ਕਿ ਇਸ ਸੂਹ ‘ਤੇ ਤੁਰੰਤ ਕਾਰਵਾਈ ਕਰਦਿਆਂ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ, ਜਿਨ੍ਹਾਂ ਨੇ ਅੰਬਾਲਾ-ਪਟਿਆਲਾ ਹਾਈਵੇਅ ‘ਤੇ ਮੁਲਜ਼ਮਾਂ ਨੂੰ ਟਰੈਕ ਕੀਤਾ ਅਤੇ ਸਵੇਰੇ ਤੜਕ ਸਾਰ ਕਾਰਵਾਈ ਕਰਦਿਆਂ ਪਿੰਡ ਸ਼ੰਭੂ ਨੇੜਿਓਂ ਉਨ੍ਹਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ ਹਥਿਆਰ ਬਰਾਮਦ ਕੀਤਾ।
ਇਸ ਗਿਰੋਹ ਵੱਲੋਂ ਵਾਰਦਾਤਾਂ ਨੂੰ ਅੰਜ਼ਾਮ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਡੀਆਈਜੀ ਏਜੀਟੀਐਫ ਗੁਰਮੀਤ ਚੌਹਾਨ ਨੇ ਦੱਸਿਆ ਕਿ ਆਪਣੇ ਹੈਂਡਲਰਾਂ ਵੱਲੋਂ ਦਿੱਤੇ ਗਏ ਅਪਰਾਧਿਕ ਕੰਮਾਂ ਨੂੰ ਅੰਜਾਮ ਦੇਣ ਉਪਰੰਤ ਇਹ ਗਿਰੋਹ ਆਮ ਤੌਰ ‘ਤੇ ਨੇਪਾਲ ਭੱਜ ਜਾਂਦਾ ਸੀ ਅਤੇ ਛੁਪਣ ਲਈ ਆਪਣੇ ਗਿਰੋਹ ਦੇ ਸਾਥੀਆਂ ਜਾਂ ਵਿਦੇਸ਼ੀ ਹੈਂਡਲਰਾਂ ਵੱਲੋਂ ਪ੍ਰਦਾਨ ਕੀਤੇ ਗਏ ਟਿਕਾਣਿਆਂ ਦੀ ਵਰਤੋਂ ਕਰਦੇ ਸਨ।
ਇਸ ਸਬੰਧੀ ਐਫਆਈਆਰ ਨੰਬਰ 6 ਮਿਤੀ 14/8/25 ਨੂੰ ਐਸਏਐਸ ਨਗਰ ਦੇ ਥਾਣਾ ਪੰਜਾਬ ਸਟੇਟ ਕ੍ਰਾਈਮ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 111 (3) (5) ਅਤੇ ਅਸਲਾ ਐਕਟ ਦੀ ਧਾਰਾ 25 (6) (7) ਤਹਿਤ ਦਰਜ ਕੀਤੀ ਗਈ ਹੈ।