ਚੰਡੀਗੜ੍ਹ 13 ਫਰਵਰੀ 2025 (ਫਤਿਹ ਪੰਜਾਬ ਬਿਊਰੋ) ਵਾਹਨਾਂ ਉੱਤੇ ਫੈਂਸੀ, ਛੋਟੇ ਜਾਂ ਪਸੰਦੀਦਾ ਨੰਬਰ ਲਗਾਉਣ ਦੇ ਵਧਦੇ ਸ਼ੌਂਕ ਨੂੰ ਦੇਖਦਿਆਂ ਪੰਜਾਬ ਦੇ ਟਰਾਂਸਪੋਰਟ ਵਿਭਾਗ ਨੇ ਅਜਿਹੇ ਰਜਿਸਟ੍ਰੇਸ਼ਨ ਨੰਬਰਾਂ ਦੇ ਸਰਕਾਰੀ ਰੇਟਾਂ ਦੀਆਂ ਕੀਮਤਾਂ ਦੁੱਗਣੀਆਂ ਕਰ ਦਿੱਤੀਆਂ ਹਨ।
ਪੰਜਾਬੀਆਂ ਦੇ ਫੈਂਸੀ ਨੰਬਰਾਂ ਪ੍ਰਤੀ ਵੱਧਦੇ ਜਨੂੰਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅਜਿਹੇ ਪਸੰਦੀਦਾ ਫੈਂਸੀ ਨੰਬਰਾਂ ਦੇ ਨਵੇਂ ਰੇਟ ਨਿਰਧਾਰਤ ਕਰਦਿਆਂ ਬੀਤੀ 29 ਜਨਵਰੀ ਨੂੰ ਸਰਕਾਰ ਨੇ ਨਵਾਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਅਤੇ ਇਕ ਸੀਰਿਜ਼ ਵਿਚ ਕਰੀਬ-ਕਰੀਬ 500 ਨੰਬਰਾਂ ਨੂੰ ਫੈਂਸੀ ਨੰਬਰਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਹੈ।
ਸਰਕਾਰ ਨੇ ਹੁਣ 0001 ਨੰਬਰ ਦਾ ਰਾਖਵਾਂ ਮੁੱਲ 5 ਲੱਖ ਰੁਪਏ ਰੱਖਿਆ ਹੈ। ਇਸੇ ਤਰ੍ਹਾਂ 0002 ਤੋਂ 0009 ਅਤੇ 0786 ਨੰਬਰਾਂ ਦਾ ਰਾਖਵਾਂ ਮੁੱਲ 2 ਲੱਖ ਰੁਪਏ ਜਦਕਿ 0010 ਤੋਂ ਲੈ ਕੇ 0099 ਤੱਕ ਤੇ ਕਰੀਬ ਹੋਰਨਾਂ 20 ਨੰਬਰਾਂ ਲਈ ਰਾਖਵਾਂ ਮੁੱਲ ਇੱਕ ਲੱਖ ਰੁਪਏ ਮਿਥਿਆ ਹੈ।
ਕਿਸੇ ਵੀ ਫੈਂਸੀ ਨੰਬਰ ਦੀ ਬੋਲੀ ਸਮੇਂ ਟਰਾਂਸਪੋਰਟ ਵਿਭਾਗ ਨੇ ਬੋਲੀਕਾਰ ਵਲੋਂ ਨੰਬਰ ਦੇ ਰਾਖਵੇਂ ਮੁੱਲ ਦੀ ਅੱਧੀ ਰਕਮ ਪਹਿਲਾਂ ਜਮ੍ਹਾਂ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ ਅਤੇ ਜੇਕਰ ਰਕਮ ਜਮ੍ਹਾਂ ਕਰਵਾਉਣ ਵਾਲਾ ਵਿਅਕਤੀ ਆਪਣੀ ਹੀ ਬੋਲੀ ਉੱਤੇ ਖਰਾ ਨਹੀਂ ਉੱਤਰਦਾ ਤਾਂ ਉਸ ਦੀ ਜਮ੍ਹਾ ਰਕਮ ਜਬਤ ਕਰ ਲਈ ਜਾਵੇਗੀ। ਜੇਕਰ ਉਸ ਦੇ ਨਾਂਅ ਉੱਤੇ ਬੋਲੀ ਨਹੀਂ ਟੁੱਟਦੀ ਤਾਂ ਉਸ ਦੀ ਜਮ੍ਹਾਂ ਰਕਮ ਉਸ ਨੂੰ ਵਾਪਸ ਕਰ ਦਿੱਤੀ ਜਾਵੇਗੀ।