ਬੇਹਿਸਾਬੀ ਜਾਇਦਾਦ ਬਣਾਉਣ ਬਾਰੇ ਮਿਲੀ ਸ਼ਿਕਾਇਤ ‘ਤੇ ਜਾਂਚ ਅਰੰਭੀ
ਮੋਹਾਲੀ ਥਾਣੇ ‘ਚ ਸੰਧੂ ਵਿਰੁੱਧ ਪਹਿਲਾਂ ਹੀ ਦਰਜ ਹੈ ਧੋਖਾਧੜੀ ਤੇ ਭ੍ਰਿਸ਼ਟਾਚਾਰ ਦਾ ਮੁਕੱਦਮਾ
ਚੰਡੀਗੜ੍ਹ 25 ਦਸੰਬਰ 2024 (ਫਤਿਹ ਪੰਜਾਬ ਬਿਉਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਗੁਰਸ਼ੇਰ ਸਿੰਘ ਸੰਧੂ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ, ਪੰਜਾਬ ਸਰਕਾਰ ਨੇ ਸੰਧੂ ਨੂੰ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਖਰੜ ਥਾਣੇ ਵਿੱਚ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਕਰਾਉਣ ਸਬੰਧੀ ਲੱਗੇ ਇਲਜ਼ਾਮਾਂ ਬਾਰੇ ਪੁਲਿਸ ਤਫ਼ਤੀਸ਼ ਵਿੱਚ ਸ਼ਾਮਲ ਨਾ ਹੋਣ ਕਾਰਨ ਉਸ ਨੂੰ ਬਰਖਾਸਤ ਕਰਨ ਲਈ ਪ੍ਰਵਾਨਗੀ ਦੇ ਦਿੱਤੀ ਹੈ।
ਪੰਜਾਬ ਸਰਕਾਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਸਤੀਆਂ ਕੀਮਤਾਂ ‘ਤੇ ਝਗੜੇ ਵਾਲੀਆਂ ਜਾਇਦਾਦਾਂ ਦੀ ਖਰੀਦਦਾਰੀ ਅਤੇ ਨਜਾਇਜ਼ ਕਮਾਈ ਨਾਲ ਅਜਿਹੀਆਂ ਜਾਇਦਾਦਾਂ ਦੀ ਖਰੀਦ ਦੇ ਦੋਸ਼ਾਂ ਤੋਂ ਬਾਅਦ ਸੰਧੂ ਵਿਰੁੱਧ ਬੇਹਿਸਾਬਾ ਸੰਪਤੀ ਇਕੱਠੀ ਕਰਨ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਗੁਰਸ਼ੇਰ ਸਿੰਘ ਸੰਧੂ ਵਿਰੁੱਧ ਬਲਜਿੰਦਰ ਸਿੰਘ ਨਾਮੀ ਸ਼ਿਕਾਇਤਕਰਤਾ ਤੋਂ ਪ੍ਰਾਪਤ ਸ਼ਿਕਾਇਤ ਤੋਂ ਬਾਅਦ ਉਸ ਵੱਲੋਂ ਆਮਦਨੀ ਦੇ ਜਾਣੂੰ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੀ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਬਿਊਰੋ ਵੱਲੋਂ ਉਸ ਦੀਆਂ ਜਾਇਦਾਦਾਂ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਪਰ ਉਸ ਦੀਆਂ ਬੇਨਾਮੀ ਜਾਇਦਾਦਾਂ ਬਾਰੇ ਤਾਂ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਸਹੀ ਪਤਾ ਲੱਗੇਗਾ।
ਦੱਸ ਦੇਈਏ ਕਿ ਇਸ ਸਾਲ ਅਕਤੂਬਰ ਮਹੀਨੇ ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਦੱਸਿਆ ਸੀ ਕਿ ਡੀਐਸਪੀ ਸੰਧੂ ਦੇ ਇੱਕ ਸਾਥੀ ਰਹੇ ਬਲਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਮੋਹਾਲੀ ਦੇ ਸਟੇਟ ਕ੍ਰਾਈਮ ਪੁਲਿਸ ਥਾਣੇ ਵਿੱਚ ਸੰਧੂ ਵਿਰੁੱਧ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਬਲਜਿੰਦਰ ਸਿੰਘ ਵੱਲੋਂ ਡੀਐਸਪੀ ਸੰਧੂ ਦੇ ਖਿਲਾਫ ਅਦਾਲਤ ਵਿੱਚ ਜਾਣ ਤੋਂ ਬਾਅਦ ਹਾਈਕੋਰਟ ਦੇ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਦੀ ਜਾਂਚ ਤੋਂ ਬਾਅਦ ਮੁਕੱਦਮਾ ਦਰਜ ਕੀਤਾ ਗਿਆ ਸੀ। ਉਪਰੰਤ 16 ਦਸੰਬਰ ਨੂੰ, ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਉਸਨੇ ਡੀਐਸਪੀ ਗੁਰਸ਼ੇਰ ਸੰਧੂ ਨੂੰ ਸਤੰਬਰ 2022 ਵਿੱਚ ਖਰੜ ਸੀਆਈਏ ਥਾਣੇ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੱਕ ਟੀਵੀ ਚੈਨਲ ਨਾਲ ਇੰਟਰਵਿਊ ਕਰਵਾਉਣ ਵਿੱਚ ਭੂਮਿਕਾ ਕਾਰਨ ਧਾਰਾ 311 (2) ਤਹਿਤ ਬਰਖਾਸਤ ਕਰ ਦਿੱਤਾ ਹੈ ਪਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਡੀਐਸਪੀ ਸੰਧੂ ਟਿੱਪਣੀ ਲਈ ਉਪਲਬਧ ਨਹੀਂ ਹੋ ਸਕਿਆ।