Skip to content

ਮੁਲਜ਼ਮ ਪਹਿਲਾਂ ਯੂਪੀਆਈ ਰਾਹੀਂ ਲੈ ਚੁੱਕੇ ਨੇ 5000 ਰੁਪਏ ਰਿਸ਼ਵਤ

ਚੰਡੀਗੜ੍ਹ 17 ਜਨਵਰੀ, 2025 (ਫਤਿਹ ਪੰਜਾਬ ਬਿਉਰੋ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਦਫ਼ਤਰ ਭੋਗਪੁਰ, ਜ਼ਿਲ੍ਹਾ ਜਲੰਧਰ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਮਨਜੀਤ ਸਿੰਘ ਅਤੇ ਲਾਈਨਮੈਨ ਹਰਜੀਤ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਖੁਲਾਸਾ ਕਰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਪਰੋਕਤ ਮੁਲਜ਼ਮਾਂ ਨੂੰ ਜਲੰਧਰ ਦੇ ਸੁਦਰਸ਼ਨ ਪਾਰਕ ਮਕਸੂਦਾਂ ਦੇ ਰਹਿਣ ਵਾਲੇ ਸੁਮੀਤ ਵਾਧਵਾ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਭੋਗਪੁਰ ਸਥਿਤ ਮਕਾਨ ਵਿਚ ਬਿਜਲੀ ਦਾ ਨਵਾਂ ਮੀਟਰ ਲਗਾਉਣ ਅਤੇ ਪੁਰਾਣਾ ਮੀਟਰ ਉਤਾਰਨ ਲਈ ਉਕਤ ਮਨਜੀਤ ਸਿੰਘ ਜੇ.ਈ, ਨੂੰ ਮਿਲਿਆ ਤਾਂ ਉਸ ਨੇ ਲਾਈਨਮੈਨ ਹਰਜੀਤ ਸਿੰਘ ਮਿਲਣ ਲਈ ਕਿਹਾ। ਉਪਰੰਤ ਲਾਈਨਮੈਨ ਹਰਜੀਤ ਸਿੰਘ ਨੇ ਸਿ਼ਕਾਇਤਕਰਤਾ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਮਕਾਨ ਵਿੱਚ ਨਵਾਂ ਬਿਜਲੀ ਦਾ ਮੀਟਰ ਲਗਾਉਣਾ ਹੈ ਅਤੇ ਪੁਰਾਣਾ ਮੀਟਰ ਉਤਾਰਨਾ ਹੈ ਤਾਂ ਇਸ ਕੰਮ ਦੇ ਬਦਲੇ 20,000 ਰੁਪਏ ਰਿਸ਼ਵਤ ਦੇਣੀ ਪਵੇਗੀ ਅਤੇ ਸੌਦਾ 10,000 ਰੁਪਏ ਵਿੱਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ ਉਕਤ ਲਾਈਨਮੈਨ ਇਸ ਕੰਮ ਲਈ ਪਹਿਲਾਂ ਹੀ ਯੂਪੀਆਈ ਭੁਗਤਾਨ ਰਾਹੀਂ 5000 ਰੁਪਏ ਲੈ ਚੁੱਕਾ ਹੈ ਅਤੇ ਬਾਕੀ 5000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ।

ਬੁਲਾਰੇ ਨੇ ਅੱਗੇ ਕਿਹਾ ਕਿ ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਲਾਈਨਮੈਨ ਅਤੇ ਜੇ.ਈ. ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਤੋਂ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 5000 ਰੁਪਏ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧ ਵਿੱਚ ਦੋਵਾਂ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

error: Content is protected !!