ਅਬੋਹਰ 8 ਮਾਰਚ 2025 (ਫਤਿਹ ਪੰਜਾਬ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਫਾਜ਼ਿਲਕਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਨਸ਼ਿਆਂ ਬਾਰੇ 21 ਮੁਕੱਦਮਿਆਂ ਦਾ ਸਾਹਮਣਾ ਕਰ ਰਹੇ ਇੱਕ ਬਦਨਾਮ ਨਸ਼ਾ ਤਸਕਰ ਬੋਹੜ ਸਿੰਘ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਿੰਡ ਸੀਡ ਫਾਰਮ ਵਿੱਚ ਉਸਦੇ ਘਰ ਉੱਤੇ ਬਲਡੋਜ਼ਰ ਚਲਾਇਆ। ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਵਿੱਢੀ ਫੈਸਲਾਕੁਨ ਮੁਹਿੰਮ ਤਹਿਤ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਹ ਸਰਕਾਰ ਵੱਲੋਂ ਸੀਜ ਕਰ ਦਿੱਤੀ ਜਾਏਗੀ ਜਾਂ ਢਾਹ ਦਿੱਤੀ ਜਾਏਗੀ। ਉਨਾਂ ਨੇ ਕਿਹਾ ਕਿ ਇਹ ਹਾਲੇ ਇਸ ਮੁਹਿੰਮ ਦਾ ਆਗਾਜ਼ ਹੈ ਅਤੇ ਹੋਰ ਵੀ ਜਿਨਾਂ ਲੋਕਾਂ ਨੇ ਨਸ਼ੇ ਦੀ ਤਸਕਰੀ ਕਰਕੇ ਜਾਇਦਾਤਾਂ ਬਣਾਈਆਂ ਗਈਆਂ ਹਨ ਉਹਨਾਂ ਤੇ ਵੀ ਬੁਲਡੋਜ਼ਰ ਐਕਸ਼ਨ ਹੋਵੇਗਾ। ਉਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਲੋਕਾਂ ਵੱਲੋਂ ਵੀ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਲੋਕ ਵੱਡੇ ਪੱਧਰ ਤੇ ਨਸ਼ੇ ਤਸਕਰੀ ਕਰਨ ਵਾਲਿਆਂ ਦੀਆਂ ਸੂਚਨਾਵਾਂ ਪੁਲਿਸ ਨੂੰ ਦੇ ਰਹੇ ਹਨ। ਉਨਾਂ ਨੇ ਕਿਹਾ ਕਿ ਸਮਾਜ ਤੋਂ ਮਿਲ ਰਹੇ ਸਹਿਯੋਗ ਨਾਲ ਅਸੀਂ ਇਸ ਕੋਹੜ ਨੂੰ ਬਹੁਤ ਜਲਦੀ ਖਤਮ ਕਰਨ ਵਿੱਚ ਕਾਮਯਾਬ ਹੋਵਾਂਗੇ।
ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਨ ਦੇ ਨਾਲ ਨਾਲ ਸੰਪਰਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਇਸ ਮੌਕੇ ਪਿੰਡ ਦੇ ਲੋਕਾਂ ਨੇ ਪੁਲਿਸ ਕਾਰਵਾਈ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਨਸ਼ਾ ਤਸਕਰਾਂ ਦੇ ਹੌਸਲੇ ਟੁੱਟਣਗੇ ਅਤੇ ਸਮਾਜ ਨੂੰ ਨਸ਼ਾ ਮੁਕਤ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਸਫਲ ਹੋਵੇਗੀ।
